ਪਾਕਿ ਤੇ ਚੀਨ ਨਾਲ ਲੱਗਦੀਆਂ ਸਰਹੱਦਾਂ ਦੀ ਰਾਖੀ ਹੋਵੇਗੀ ਆਕਾਸ਼ ਮਿਜ਼ਾਈਲਾਂ ਰਾਹੀਂ

10/22/2019 12:43:22 AM

ਨਵੀਂ ਦਿੱਲੀ – ਪਾਕਿਸਤਾਨ ਅਤੇ ਚੀਨ ਨਾਲ ਲੱਗਦੀਆਂ ਸਰਹੱਦਾਂ ’ਤੇ ਦੂਜੇ ਦੇਸ਼ਾਂ ਦੇ ਹਵਾਈ ਜਹਾਜ਼ਾਂ ਦੀ ਘੁਸਪੈਠ ਰੋਕਣ ਲਈ ਆਕਾਸ਼ ਮਿਜ਼ਾਈਲਾਂ ਨੂੰ ਤਾਇਨਾਤ ਕੀਤਾ ਜਾਏਗਾ। ਰੱਖਿਆ ਮੰਤਰਾਲਾ 2 ਰੈਜੀਮੈਂਟਾਂ ਨੂੰ ਇਸ ਮੰਤਵ ਲਈ ਹਾਸਲ ਕਰਨ ਸਬੰਧੀ ਪ੍ਰਸਤਾਵ ’ਤੇ ਵਿਚਾਰ ਕਰਨ ਵਾਲਾ ਹੈ। ਉਕਤ ਦੋਵਾਂ ਦੇਸ਼ਾਂ ਨਾਲ ਲੱਗਦੀਆਂ ਪਹਾੜੀ ਸਰਹੱਦਾਂ ਨੇੜੇ 15000 ਫੁੱਟ ਦੀ ਉਚਾਈ ’ਤੇ ਇਨ੍ਹਾਂ ਮਿਜ਼ਾਈਲਾਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।  

ਉੱਚ ਪੱਧਰੀ ਸੂਤਰਾਂ ਨੇ ਸੋਮਵਾਰ ਦੱਸਿਆ ਕਿ ਰੱਖਿਆ ਮੰਤਰਾਲਾ ਨੂੰ ਉਨਤ ਆਕਾਸ਼ ਏਅਰ ਡਿਫੈਂਸ ਮਿਜ਼ਾਈਲਾਂ ਦੀਆਂ 2 ਰੈਜੀਮੈਂਟਾਂ ਲਈ ਲਗਭਗ 10 ਹਜ਼ਾਰ ਕਰੋੜ ਰੁਪਏ ਦੀ ਖਰੀਦ ਸਬੰਧੀ ਫੌਜ ਦੇ ਆਏ ਪ੍ਰਸਤਾਵ ’ਤੇ ਵਿਚਾਰ ਕੀਤਾ ਜਾਏਗਾ। ਆਕਾਸ਼ ਪ੍ਰਾਈਮ ਮਿਜ਼ਾਈਲਾਂ ਫੌਜ ਵਿਚ ਪਹਿਲਾਂ ਤੋਂ ਹੀ ਮੌਜੂਦ ਮਿਜ਼ਾਈਲ ਸਿਸਟਮ ਦਾ ਆਧੁਨਿਕ ਹਿੱਸਾ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਲੱਦਾਖ ਤੋਂ ਵਾਪਸ ਆਉਣ ਪਿੱਛੋਂ ਇਸ ਮੁੱਦੇ ’ਤੇ ਚਰਚਾ ਹੋਵੇਗੀ। ਜੇ ਉਕਤ ਪ੍ਰਸਤਾਵ ਨੂੰ ਪ੍ਰਵਾਨਗੀ ਮਿਲ ਗਈ ਤਾਂ ਫੌਜ ਆਕਾਸ਼ ਮਿਜ਼ਾਈਲਾਂ ਦੀਆਂ 2 ਰੈਜੀਮੈਂਟਾਂ ਨੂੰ ਹਾਸਲ ਕਰੇਗੀ।

ਇਹ ਖੂਬੀ ਹੈ ਆਕਾਸ਼ ਮਿਜ਼ਾਈਲ ’ਚ
ਆਕਾਸ਼ ਮਿਜ਼ਾਈਲ ਆਵਾਜ਼ ਦੀ ਰਫਤਾਰ ਤੋਂ ਵੀ ਸਾਢੇ 3 ਗੁਣਾ ਵੱਧ ਤੇਜ਼ੀ ਨਾਲ ਨਿਸ਼ਾਨੇ ਨੂੰ ਤਬਾਹ ਕਰ ਸਕਦੀ ਹੈ। ਵਿਸ਼ੇਸ਼ ਰਾਡਾਰ ਸਿਸਟਮ ਨਾਲ ਲੈਸ ਇਹ ਮਿਜ਼ਾਈਲ ਇਕੋ ਵੇਲੇ ਦੁਸ਼ਮਣ ਦੇ 40 ਟਿਕਾਣਿਆਂ ਨੂੰ ਟ੍ਰੈਕ ਕਰ ਸਕਦੀ ਹੈ। ਇਹ ਜ਼ਮੀਨ ਤੋਂ ਹਵਾ ਵਿਚ 30 ਕਿਲੋਮੀਟਰ ਦੀ ਦੂਰੀ ’ਤੇ ਦੁਸ਼ਮਣ ਦੇ ਟਿਕਾਣਿਆਂ ਦਾ ਮਲੀਆਮੇਟ ਕਰਨ ਦੇ ਸਮਰੱਥ ਹੈ।

Inder Prajapati

This news is Content Editor Inder Prajapati