ਕਾਂਗਰਸ ਦੇ ਇਸ ਦਿੱਗਜ਼ ਨੇਤਾ ਨੇ ਰਾਜਨੀਤੀ ਤੋਂ ਲਿਆ ਸੰਨਿਆਸ, ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਜਾਣਕਾਰੀ

03/09/2022 3:08:50 PM

ਨਵੀਂ ਦਿੱਲੀ– ਕਾਂਗਰਸ ਦੇ ਸੀਨੀਅਰ ਨੇਤਾ ਏ. ਕੇ. ਐਂਟੋਨੀ ਨੇ ਬੁੱਧਵਾਰ ਨੂੰ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਐਂਟੋਨੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ’ਚ ਜਾਣਕਾਰੀ ਦਿੱਤੀ ਕਿ ਉਹ ਸਰਗਰਮ ਰਾਜਨੀਤੀ ਤੋਂ ਵੱਖ ਹੋਣ ਤੋਂ ਬਾਅਦ ਦਿੱਲੀ ’ਚ ਨਹੀਂ ਰਹਿਣਗੇ ਅਤੇ ਆਪਣੇ ਗ੍ਰਹਿ ਨਗਰ ਤਿਰੂਵਨੰਤਪੁਰਮ ਪਰਤ ਜਾਣਗੇ। ਐਂਟੋਨੀ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਬਹੁਤ ਮੌਕੇ ਦਿੱਤੇ ਹਨ ਅਤੇ ਮੈਂ ਹਮੇਸ਼ਾ ਕਾਂਗਰਸ ਦਾ ਧੰਨਵਾਦੀ ਰਹਾਂਗਾ। ਹੁਣ ਮੈਂ ਦਿੱਲੀ ਛੱਡ ਕੇ ਅਪ੍ਰੈਲ ਵਿੱਚ ਤਿਰੂਵਨੰਤਪੁਰਮ ਜਾਣਾ ਚਾਹੁੰਦਾ ਹਾਂ।

ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਐਂਟੋਨੀ ਨੇ ਕਿਹਾ ਕਿ ਉਹ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣਾ ਚਾਹੁੰਦੇ ਹਨ। ਐਂਟੋਨੀ ਨੇ ਕਿਹਾ ਕਿ ਹੁਣ ਉਹ ਕੋਈ ਚੋਣ ਨਹੀਂ ਲੜਨਗੇ। 81 ਸਾਲਾ ਐਂਟੋਨੀ ਨੇ ਸੋਨੀਆ ਗਾਂਧੀ ਨੂੰ ਦੱਸਿਆ ਕਿ ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ 2 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ ਅਤੇ ਉਹ ਇਸ ਤੋਂ ਬਾਅਦ ਮੁੜ ਚੋਣ ਨਹੀਂ ਲੜਨਾ ਚਾਹੁੰਦੇ। ਇਸ ਸਮੇਂ ਉਹ ਕੇਰਲ ਤੋਂ ਰਾਜ ਸਭਾ ਮੈਂਬਰ ਹਨ।

ਦੱਸ ਦੇਈਏ ਕਿ ਸਾਲ 1970 ’ਚ ਪਹਿਲੀ ਵਾਰ ਵਿਧਾਇਕ ਬਣੇ ਐਂਟਨੀ 52 ਸਾਲ ਤੋਂ ਭਾਰਤ ਦੀ  ਸਰਗਰਮ ਰਾਜਨੀਤੀ ਵਿਚ ਸ਼ਾਮਲ ਰਹੇ ਹਨ। ਮਹਿਜ 37 ਸਾਲ ਦੀ ਉਮਰ ’ਚ ਉਹ ਪਹਿਲੀ ਵਾਰ ਕੇਰਲ ਦੇ ਮੁੱਖ ਮੰਤਰੀ ਬਣੇ ਅਤੇ ਇਸ ਦੇ ਨਾਲ ਹੀ 3 ਵਾਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ। ਇਸ ਤੋਂ ਇਲਾਵਾ 5 ਵਾਰ ਰਾਜ ਸਭਾ ਦੇ ਸੰਸਦ ਮੈਂਬਰ ਰਹੇ, 3 ਵਾਰ ਕੇਂਦਰੀ ਮੰਤਰੀ ਰਹੇ ਅਤੇ 10 ਸਾਲ ਤਕ ਕਾਂਗਰਸ ਦੀ ਅਨੁਸ਼ਾਸਿਤ ਕਮੇਟੀ ਦੇ ਪ੍ਰਧਾਨ ਰਹੇ। ਐਂਟਨੀ ਕਾਂਗਰਸ ਦੇ ਭਰੋਸੇਮੰਦ ਨੇਤਾਵਾਂ ’ਚੋਂ ਇਕ ਮੰਨੇ ਜਾਂਦੇ ਰਹੇ ਹਨ। ਉਨ੍ਹਾਂ ਨੇ ਮਰਹੂਮ ਇੰਦਰਾ ਗਾਂਧੀ ਅਤੇ ਮਰਹੂਮ ਰਾਜੀਵ ਗਾਂਧੀ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਸਾਲ 2004 ’ਚ ਡਾ. ਮਨਮੋਹਨ ਸਿੰਘ ਦੀ ਸਰਕਾਰ ’ਚ ਰੱਖਿਆ ਮੰਤਰੀ ਵੀ ਰਹੇ।

Tanu

This news is Content Editor Tanu