''ਦਿੱਲੀ ਤੱਕ ਤਾਂ ਠੀਕ ਹੈ, ਉਸ ਤੋਂ ਅੱਗੇ ਨਾ ਫੈਲਾਓ ਖੰਭ'' : ਡੋਭਾਲ

03/21/2019 11:37:10 AM

ਨਵੀਂ ਦਿੱਲੀ–ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਭਾਜਪਾ) ਵਿਚਾਲੇ ਤਲਖੀ ਭਰੇ ਸੰਬੰਧ ਬਾਰੇ ਤਾਂ ਸਭ ਨੂੰ ਪਤਾ ਹੀ ਹੈ, ਇਸ ਪਿੱਛੇ ਵੀ ਕਈ ਕਾਰਨ ਮੌਜੂਦ ਹਨ। ਅਜਿਹਾ ਹੀ ਇਕ ਕਿੱਸਾ ਲਗਭਗ 4 ਸਾਲ ਪਹਿਲਾਂ ਵੀ ਹੋਇਆ ਸੀ, ਜਦੋਂ ਅਰਵਿੰਦ ਕੇਜਰੀਵਾਲ ਨੂੰ ਇਹ ਕਥਿਤ ਧਮਕੀ ਤੱਕ ਸੁਣਨੀ ਪਈ ਕਿ ਦਿੱਲੀ ਤੱਕ ਸੀਮਤ ਹੋ ਤਾਂ ਠੀਕ ਹੈ, ਇਸ ਤੋਂ ਬਾਹਰ ਖੰਭ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਦੀ ਜੀ ਨੂੰ ਜਾਣਦੇ ਹੋ ਨਾ। ਇਹ ਗੱਲ ਰਾਸ਼ਟਰਪਤੀ ਭਵਨ 'ਚ ਆਯੋਜਿਤ ਰਾਤਰੀ ਭੋਜ 'ਚ ਪ੍ਰੋਟੋਕਾਲ ਤਹਿਤ ਆਪਸੀ ਗੱਲ ਬਾਤ ਦੌਰਾਨ ਡੋਭਾਲ ਨੇ ਕੇਜਰੀਵਾਲ ਨੂੰ ਕਿਹਾ ਸੀ।

ਇਹ ਉਹ ਸਮਾਂ ਸੀ, ਜਦੋਂ ਮਈ 2015 'ਚ ਦਿੱਲੀ 'ਚ 67 ਸੀਟਾਂ ਦੀ ਬਹੁਮਤ ਨਾਲ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਾਜਪਾ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2014 'ਚ ਮੋਦੀ ਲਹਿਰ ਰਾਹੀਂ ਕੇਂਦਰ 'ਚ ਭਾਜਪਾ ਦੀ ਐੱਨ. ਡੀ. ਏ ਸਰਕਾਰ ਬਣ ਚੁੱਕੀ ਸੀ। ਦਿੱਲੀ ਵਿਧਾਨ ਸਭਾ ਚੋਣਾਂ 'ਚ ਇੰਨੀ ਬੁਰੀ ਹਾਰ ਕਿਸੇ ਝਟਕੇ ਤੋਂ ਘੱਟ ਨਹੀਂ ਸੀ। ਇਸ ਹਾਰ ਤੋਂ ਭਾਜਪਾ ਇੰਨੀ ਖਿਝੀ ਕਿ ਉਸਨੇ ਕੇਜਰੀਵਾਲ ਸਰਕਾਰ ਖਿਲਾਫ ਪੂਰੀ ਮਸ਼ੀਨਰੀ ਲਗਾ ਦਿੱਤੀ ਸੀ। ਪੱਤਰਕਾਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਣੇ ਆਸ਼ੂਤੋਸ਼ ਨੇ ਆਪਣੀ ਕਿਤਾਬ 'ਹਿੰਦੂ ਰਾਸ਼ਟਰ' ਵਿਚ ਕਿੱਸੇ ਦਾ ਜ਼ਿਕਰ ਕੀਤਾ ਹੈ।

'ਆਪ : ਐਨ ਐਂਟੀਪੈਥੀ' ਸਿਰਲੇਖ ਤਹਿਤ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦਿੱਲੀ ਦੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਨਜੀਬ ਜੰਗ ਅਤੇ ਪੁਲਸ ਮੁਖੀ ਬੀ. ਐੱਸ. ਬੱਸੀ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਸਹਿਯੋਗ ਨਹੀਂ ਕੀਤਾ ਜਾ ਰਿਹਾ ਸੀ। ਇਸ ਸਿਲਸਿਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਹਿਯੋਗ ਦੀ ਗੱਲ ਕਹੀ। ਇਸ ਤੋਂ ਬਾਅਦ ਰਾਸ਼ਟਰਪਤੀ ਭਵਨ 'ਚ ਆਯੋਜਿਤ ਰਾਤਰੀ ਭੋਜ 'ਚ ਪ੍ਰੋਟੋਕਾਲ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁਲਾਏ ਗਏ। ਉਹ ਜਿਥੇ ਬੈਠੇ ਸਨ, ਉਨ੍ਹਾਂ ਦੇ ਬਿਲਕੁਲ ਨਾਲ ਪ੍ਰਧਾਨ ਮੰਤਰੀ ਦੇ ਕਰੀਬੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਬੈਠੇ ਸਨ। ਆਪਸੀ ਗੱਲਬਾਤ ਦੌਰਾਨ ਡੋਭਾਲ ਨੇ ਕੇਜਰੀਵਾਲ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਤੋਂ ਬਾਹਰ ਆਪਣੇ ਖੰਭ ਨਹੀਂ ਫੈਲਾਉਣੇ ਚਾਹੀਦੇ। ਡੋਭਾਲ ਨੇ ਕਿਹਾ ਕਿ ਸਾਡੀ ਸਰਕਾਰ ਜਾਂ ਪਾਰਟੀ ਨੂੰ ਉਦੋਂ ਤੱਕ ਕੋਈ ਦਿੱਕਤ ਨਹੀਂ ਹੈ, ਜਦ ਤੱਕ ਤੁਸੀਂ ਦਿੱਲੀ ਦੀ ਹੱਦ 'ਚ ਹੋ। ਇਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਮੋਦੀ ਜੀ ਨੂੰ ਜਾਣਦੇ ਹੋ।

Iqbalkaur

This news is Content Editor Iqbalkaur