ਕਾਂਗਰਸ ਵਲੋਂ ਅਹਿਮ ਟਿਕਟਾਂ ਦਾ ਐਲਾਨ, ਪੀ. ਐੱਮ. ਵਿਰੁੱਧ ਅਜੇ ਰਾਏ ਨੂੰ ਉਤਾਰਿਆ

04/25/2019 1:50:25 PM

ਨਵੀਂ ਦਿੱਲੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਵਾਰਾਣਸੀ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਂਗਰਸ ਨੇ ਆਪਣੇ ਪੁਰਾਣੇ ਉਮੀਦਵਾਰ ਅਜੇ ਰਾਏ ਨੂੰ ਮੈਦਾਨ ਵਿਚ ਉਤਾਰਿਆ ਹੈ। ਅਜੇ ਦੇ ਉਮੀਦਵਾਰ ਐਲਾਨਣ ਤੋਂ ਬਾਅਦ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਉੱਥੋਂ ਚੋਣ ਲੜਨ ਦੀਆਂ ਅਟਕਲਾਂ 'ਤੇ ਵਿਰਾਮ ਲੱਗ ਗਿਆ ਹੈ। ਕਾਂਗਰਸ ਜਨਰਲ ਸਕੱਤਰ ਮੁਕੂਲ ਵਾਸਨਿਕ ਮੁਤਾਬਕ ਪਾਰਟੀ ਨੇ ਵਾਰਾਣਸੀ ਸੀਟ ਤੋਂ ਅਜੇ ਰਾਏ ਨੂੰ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਗੋਰਖਪੁਰ ਤੋਂ ਮਧੁਸੂਦਨ ਤਿਵਾੜੀ ਨੂੰ ਉਮੀਦਵਾਰ ਬਣਾਇਆ ਹੈ। 

ਦੱਸਣਯੋਗ ਹੈ ਕਿ ਮੀਡੀਆ ਵਿਚ ਪਿਛਲੇ ਦਿਨਾਂ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਪ੍ਰਿਅੰਕਾ ਗਾਂਧੀ ਵਾਰਾਣਸੀ ਤੋਂ ਚੋਣ ਲੜੇਗੀ ਅਤੇ ਮੋਦੀ ਨੂੰ ਟੱਕਰ ਦੇਵੇਗੀ ਪਰ ਰਾਏ ਦੇ ਉਮੀਦਵਾਰ ਐਲਾਨਣ ਮਗਰੋਂ ਸਾਰੀਆਂ ਅਟਕਲਾਂ 'ਤੇ ਵਿਰਾਮ ਲੱਗ ਗਿਆ ਹੈ। ਕਾਂਗਰਸ ਹੁਣ ਤਕ 424 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਇੱਥੇ ਦੱਸ ਦੇਈਏ ਕਿ ਅਜੇ ਰਾਏ ਨੇ 2014 'ਚ ਵੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜੀ ਸੀ ਪਰ ਉਹ ਤੀਜੇ ਨੰਬਰ 'ਤੇ ਰਹੇ ਸਨ। ਇਸ ਸੀਟ ਤੋਂ ਮੋਦੀ ਵਿਰੁੱਧ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਉਮੀਦਵਾਰ ਰਾਏ ਲੜੇ ਸਨ। ਮੋਦੀ ਨੇ ਕੇਜਰੀਵਾਲ ਨੂੰ 3,71,784 ਵੋਟਾਂ ਨਾਲ ਮਾਤ ਦਿੱਤੀ ਸੀ। ਮੋਦੀ ਨੂੰ ਕੁੱਲ 5 ਲੱਖ 81 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਕੇਜਰੀਵਾਲ ਨੂੰ 2 ਲੱਖ 90 ਹਜ਼ਾਰ ਵੋਟਾਂ ਮਿਲੀਆਂ ਸਨ। ਉਧਰ ਰਾਏ ਨੂੰ ਕਰੀਬ 75 ਹਜ਼ਾਰ ਵੋਟਾਂ ਮਿਲੀਆਂ ਸਨ। ਇਸ ਵਾਰ ਇਕੱਠੇ ਮਿਲ ਕੇ ਚੋਣਾਂ ਲੜ ਰਹੇ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

Tanu

This news is Content Editor Tanu