ਬੈਗ ''ਚ ਤੇਂਦੁਏ ਦਾ ਬੱਚਾ ਲੁਕਾ ਕੇ ਲਿਜਾ ਰਿਹਾ ਸੀ ਯਾਤਰੀ, ਗ੍ਰਿਫਤਾਰ

02/02/2019 4:42:09 PM

ਚੇਨਈ— ਇੱਥੋਂ ਦੇ ਅੰਨਾ ਇੰਟਰਨੈਸ਼ਨਲ ਏਅਰਪੋਰਟ 'ਤੇ ਜਾਨਵਰ ਦੀ ਤਸਕਰੀ ਦੀ ਸੂਚਨਾ ਮਿਲਣ ਤੋਂ ਬਾਅਦ ਇੰਟੈਲੀਜੈਂਸ ਅਫ਼ਸਰਾਂ ਨੇ ਸ਼ਨੀਵਾਰ ਨੂੰ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਤੇਂਦੁਏ ਦਾ ਇਕ ਮਹੀਨੇ ਦਾ ਬੱਚਾ ਬਰਾਮਦ ਕੀਤਾ ਗਿਆ। ਬੱਚੇ ਨੂੰ ਥਾਈਲੈਂਡ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਸ਼ਖਸ ਦੀ ਪਛਾਣ ਕਾਜਾ ਮੋਈਦੀਨ ਦੇ ਰੂਪ 'ਚ ਹੋਈ ਹੈ। ਏਅਰ ਇੰਟੈਲੀਜੈਂਸ ਯੂਨਿਟ ਨੂੰ ਸੂਚਨਾ ਮਿਲੀ ਸੀ ਕਿ ਥਾਈਲੈਂਡ ਤੋਂ ਪਾਬੰਦੀਸ਼ੁਦਾ ਜਾਨਵਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਏਅਰਪੋਰਟ 'ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਅਧਿਕਾਰੀਆਂ ਦੀ ਨਜ਼ਰ ਕਾਜਾ 'ਤੇ ਪਈ, ਜਿਸ ਦੀਆਂ ਹਰਕਤਾਂ ਸ਼ੱਕੀ ਲੱਗ ਰਹੀਆਂ ਸਨ. ਉਹ ਆਪਣੇ ਬੈਗ ਲੈਣ ਤੋਂ ਬਾਅਦ ਕਾਫੀ ਤੇਜ਼ੀ ਨਾਲ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਉਸ ਨੂੰ ਪੁੱਛ-ਗਿੱਛ ਲਈ ਰੋਕਿਆ ਤਾਂ ਉਸ ਦੇ ਸਾਮਾਨ 'ਚੋਂ ਆਵਾਜ਼ ਆਉਣ ਲੱਗੀ।ਸਾਮਾਨ ਖੋਲ੍ਹਿਆ ਤਾਂ ਪਲਾਸਟਿਕ ਦੇ ਇਕ ਕੰਬਲ 'ਚ ਤੇਂਦੁਏ ਦਾ ਬੱਚਾ ਨਿਕਲਿਆ। ਬੱਚਾ ਕਾਫੀ ਡਰਿਆ ਹੋਇਆ ਲੱਗ ਰਿਹਾ ਸੀ ਅਤੇ ਕਮਜ਼ੋਰ ਵੀ ਸੀ। ਅਧਿਕਾਰੀਆਂ ਨੇ ਉਸ ਨੂੰ ਦੁੱਧ ਪਿਲਾ ਕੇ ਸ਼ਾਂਤ ਕੀਤਾ। ਵਾਈਲਡ ਲਾਈਫ ਕ੍ਰਾਈਮ ਬਿਊਰੋ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਬੱਚਾ ਇਕ ਮਹੀਨੇ ਦੀ ਮਾਦਾ ਹੈ। ਅਰਿੰਗਰ ਅੰਨਾ ਜੂਲਾਜਿਕਲ ਪਾਰਕ ਤੋਂ ਆਏ ਡਾਕਟਰ ਨੇ ਦੱਸਿਆ ਕਿ ਉਸ ਦਾ 1.1. ਕਿਲੋ ਸੀ ਅਤੇ ਉਹ ਸਿਹਤਮੰਦ ਸੀ। ਕਸਟਮ ਐਕਟ 1962, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਅਧੀਨ ਬੱਚੇ ਨੂੰ ਜ਼ਬਤ ਕਰ ਲਿਆ ਗਿਆ ਹੈ। ਕਾਜਾ ਅਤੇ ਬੱਚੇ ਨੂੰ ਤਾਮਿਲਨਾਡੂ ਜੰਗਲਾਤ ਵਿਭਾਗ ਨੂੰ ਅੱਗੇ ਦੀ ਕਾਰਵਾਈ ਲਈ ਸੌਂਪ ਦਿੱਤਾ ਗਿਆ। ਬੱਚੇ ਨੂੰ ਅਰਿੰਗਰ ਅੰਨਾ ਜੂਲਾਜਿਕਲ ਪਾਰਕ 'ਚ ਭੇਜਿਆ ਜਾਵੇਗਾ।

DIsha

This news is Content Editor DIsha