ਜੰਮੂ : ਹਵਾਈ ਟਿਕਟ ਤੋਂ ਲੈ ਕੇ ਦਵਾਈਆਂ ਤੱਕ, ਇਸ ਤਰ੍ਹਾਂ ਘਰ-ਘਰ ਮਦਦ ਪਹੁੰਚਾ ਰਹੀ CRPF

09/10/2019 5:41:17 PM

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ 370 ਨੂੰ ਕੇਂਦਰ ਵਲੋਂ ਖਤਮ ਕੀਤੇ ਜਾਣ ਤੋਂ ਬਾਅਦ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ) ਦੀ ਸ਼੍ਰੀਨਗਰ 'ਚ ਸਥਿਤ ਹੈਲਪਲਾਈਨ 'ਤੇ 34 ਹਜ਼ਾਰ ਤੋਂ ਵਧ ਫੋਨ ਆਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਫੋਨ ਅਜਿਹੇ ਲੋਕਾਂ ਦੇ ਆਏ ਸਨ, ਜੋ ਕਸ਼ਮੀਰ 'ਚ ਰਹਿਣ ਵਾਲੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਕੁਸ਼ਲਤਾ ਨੂੰ ਲੈ ਕੇ ਚਿੰਤਤ ਸਨ। ਅਧਿਕਾਰੀਆਂ ਨੇ ਦੱਸਿਆ ਕਿ 5 ਅਗਸਤ ਤੋਂ ਬਾਅਦ 'ਮਦਦਗਾਰ' ਹੈਲਪਲਾਈਨ ਨੰਬਰ 14411 ਅਤੇ ਕੁਝ ਹੋਰ ਮੋਬਾਇਲ ਨੰਬਰਾਂ 'ਤੇ ਕੁੱਲ 34,274 ਫੋਨ ਆਏ।

ਜ਼ਿਆਦਾਤਰ ਫੋਨ ਪਰਿਵਾਰ ਦੀ ਕੁਸ਼ਲਤਾ ਜਾਣਨ ਲਈ ਆਏ
ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਜ਼ਿਆਦਾਤਰ ਫੋਨ ਅਜਿਹੇ ਲੋਕਾਂ ਵਲੋਂ ਆਏ ਜੋ ਕਸ਼ਮੀਰ 'ਚ ਰਹਿ ਰਹੇ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਕੁਸ਼ਲਤਾ ਅਤੇ ਸਥਿਤੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਸਨ।'' ਉਨ੍ਹਾਂ ਨੇ ਕਿਹਾ,''1,227 ਫੋਨ ਐਮਰਜੈਂਸੀ ਸਥਿਤੀ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਆਏ ਸਨ ਅਤੇ ਇਨ੍ਹਾਂ ਮਾਮਲਿਆਂ 'ਚ ਸੀ.ਆਰ.ਪੀ.ਐੱਫ. ਕਰਮਚਾਰੀ ਕਸ਼ਮੀਰ 'ਚ ਲੋਕਾਂ ਦੇ ਘਰਾਂ ਤੱਕ ਗਏ ਅਤੇ ਫੋਨ ਕਰਨ ਵਾਲੇ ਲੋਕਾਂ ਤੇ ਪਰਿਵਾਰ ਦਰਮਿਆਨ ਸੰਪਰਕ ਸਥਾਪਤ ਕਰਨ 'ਚ ਮਦਦ ਕੀਤੀ।''

ਹਵਾਈ ਟਿਕਟ ਤੋਂ ਲੈ ਕੇ ਦਵਾਈਆਂ ਤੱਕ ਪਹੁੰਚਾਈਆਂ ਗਈਆਂ ਘਰ-ਘਰ
ਅਧਿਕਾਰੀ ਨੇ ਦੱਸਿਆ ਕਿ ਹੈਲਪਲਾਈਨ ਨਾਲ ਜੁੜੇ ਸੀ.ਆਰ.ਪੀ.ਐੱਫ. ਕਰਮਚਾਰੀ ਹੋ ਕਾਰਨਾਂ ਨੂੰ ਲੈ ਕੇ ਵੀ ਸਥਾਨਕ ਲੋਕਾਂ ਦੇ ਘਰਾਂ 'ਚ ਗਏ, ਜਿਸ 'ਚ ਹਵਾਈ ਟਿਕਟ ਦੇਣਾ, ਲੋਕਾਂ ਨੂੰ ਜੰਮੂ-ਕਸ਼ਮੀਰ ਦੇ ਬਾਹਰ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਜਾਂ ਇੰਟਰਵਿਊ ਦੀ ਤਾਰੀਕ 'ਚ ਤਬਦੀਲੀ ਬਾਰੇ ਸੂਚਿਤ ਕਰਨਾ ਅਤੇ ਫੋਨ ਕਰਨ ਵਾਲੇ ਵਿਅਕਤੀ ਨੂੰ ਅਪੀਲ ਦੇ ਆਧਾਰ 'ਤੇ ਸਥਾਨਕ ਲੋਕਾਂ ਨੂੰ ਕਿਸੇ ਐਮਰਜੈਂਸੀ ਸਥਿਤੀ ਬਾਰੇ ਸੂਚਿਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਹੈਲਪਲਾਈਨ ਕਰਮਚਾਰੀਆਂ ਵਲੋਂ 123 ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ, ਜਿਸ 'ਚ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ, ਕੈਂਸਰ, ਸ਼ੂਗਰ ਅਤੇ ਹੋਰ ਬੀਮਾਰੀਆਂ ਨਾਲ ਪ੍ਰਭਾਵਿਤ ਮਰੀਜ਼ ਸ਼ਾਮਲ ਸਨ।

'ਮਦਦਗਾਰ' ਦੀ ਸ਼ੁਰੂਆਤ 2017 'ਚ ਕੀਤੀ ਗਈ ਸੀ
ਹੈਲਪਲਾਈਨ ਨੰਬਰ ਕੁਝ ਮੋਬਾਇਲ ਨੰਬਰਾਂ ਰਾਹੀਂ ਵੀ ਕੰਮ ਕਰ ਰਿਹਾ ਸੀ, ਕਿਉਂਕਿ ਇਸ ਮਿਆਦ ਦੌਰਾਨ ਸੰਚਾਰ ਪਾਬੰਦੀਆਂ ਕਾਰਨ ਮਾਨਕ ਲੈਂਡਲਾਈਨ ਨੰਬਰ 14411 ਰੁਕ ਗਿਆ ਸੀ। 'ਮਦਦਗਾਰ' ਦੀ ਸ਼ੁਰੂਆਤ ਸੀ.ਆਰ.ਪੀ.ਐੱਫ. ਵਲੋਂ ਜੂਨ 2017 'ਚ ਦੇਸ਼ ਦੇ ਹੋਰ ਹਿੱਸਿਆਂ 'ਚ ਰਹਿਣ ਵਾਲੇ ਕਸ਼ਮੀਰ ਘਾਟੀ ਦੇ ਵਾਸੀਆਂ ਦੀ ਮਦਦ ਕਰਨ ਲਈ ਕੀਤੀ ਗਈ ਸੀ। ਇਸ ਦਾ ਸੰਚਾਲਨ ਸ਼੍ਰੀਨਗਰ ਸਥਿਤ ਸੀ.ਆਰ.ਪੀ.ਐੱਫ. ਦੇ ਇਕ ਕੈਂਪ 'ਚ ਕੀਤਾ ਜਾਂਦਾ ਹੈ। ਇਹ ਹੈਲਪਲਾਈਨ ਟਵਿੱਟਰ 'ਤੇ ਸੀ.ਆਰ.ਪੀ.ਐੱਫ.ਮਦਦਗਾਰ ਦੇ ਰੂਪ 'ਚ ਸੰਚਾਲਤ ਹੁੰਦੀ ਹੈ।

DIsha

This news is Content Editor DIsha