ਹਵਾ ਪ੍ਰਦੂਸ਼ਣ ਕਾਰਨ ਕਮਜ਼ੋਰ ਹੋ ਰਹੀਆਂ ਹਨ ਭਾਰਤੀਆਂ ਦੀਆਂ ਹੱਡੀਆਂ

01/05/2020 11:40:19 PM

ਨਵੀਂ ਦਿੱਲੀ (ਏਜੰਸੀ)-ਦੇਸ਼ ’ਚ ਲਗਾਤਾਰ ਵਧਦਾ ਪ੍ਰਦੂਸ਼ਣ ਭਾਰਤੀਆਂ ਦੀ ਸਿਹਤ ਬੜੀ ਤੇਜ਼ੀ ਨਾਲ ਵਿਗਾੜ ਰਿਹਾ ਹੈ। ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਦੇਸ਼ ਦੇ ਲੋਕਾਂ ਦੀਆਂ ਹੱਡੀਆਂ ਕਮਜੋਰ ਕਰ ਰਿਹਾ ਹੈ। ਇੰਨਾ ਹੀ ਨਹੀਂ ਪ੍ਰਦੂਸ਼ਣ ਕਾਰਨ ਫੇਫੜਿਆਂ ਦੇ ਕੈਂਸਰ, ਸਟ੍ਰੋਕ, ਸਾਹ ਦੀਆਂ ਬੀਮਾਰੀਆਂ ਆਦਿ ਦਾ ਵੀ ਖਤਰਾ ਵਧਦਾ ਜਾ ਰਿਹਾ ਹੈ। ਇਕ ਅਧਿਐਨ ’ਚ ਇਹ ਸਿੱਟਾ ਸਾਹਮਣੇ ਆਏ ਹਨ।

ਖੋਜਕਰਤਾਵਾਂ ਨੇ ਹਵਾ ਪ੍ਰਦੂਸ਼ਣ ਹੱਡੀਆਂ ’ਤੇ ਕਿਸ ਤਰ੍ਹਾਂ ਅਤੇ ਕਿੰਨਾ ਅਸਰ ਪਾ ਰਿਹਾ ਹੈ, ਇਹ ਸਬੰਧੀ ਹੱਲ ਲੱਭਣ ਲਈ ਹੈਦਰਾਬਾਦ ਸ਼ਹਿਰ ਦੇ ਬਾਹਰ ਵਸੇ 28 ਪਿੰਡਾਂ ਦੇ 7,800 ਲੋਕਾਂ ਦਾ ਜਾਇਜ਼ਾ ਲਿਆ ਅਤੇ ਆਪਣੀ ਰਿਪੋਰਟ ਪੇਸ਼ ਕੀਤੀ। ‘ਜਾਮਾ ਨੈੱਟਵਰਕ ਓਪਨ’ ਨਾਮੀ ਮੈਗਜ਼ੀਨ ’ਚ ਪ੍ਰਕਾਸ਼ਿਤ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਆਸਪਾਸ ਦੀ ਹਵਾ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਬਾਰੀਕ ਕਣ ਮੌਜੂਦ ਹੁੰਦੇ ਹਨ ਤਾਂ ਉਨ੍ਹਾਂ ਦੇ ਅਸਰ ’ਚ ਰਹਿਣ ਵਾਲੇ ਲੋਕਾਂ ਦੀਆਂ ਹੱਡੀਆਂ ’ਚ ਮਿੱਝ ਘੱਟ ਹੁੰਦੀ ਜਾਂਦੀ ਹੈ। ਇੰਨਾ ਹੋਣ ’ਤੇ ਵੀ ਸਪੇਨ ਦੇ ਇੰਸਟੀਚਿਊਟ ਆਫ ਗਲੋਬਲ ਹੈਲਥ ਦੇ ਖੋਜਕਰਤਾ ਅਤੇ ਇਹ ਰਿਪੋਰਟ ਲਿਖਣ ਵਾਲੇ ਓਟਾਵਿਓ ਰਨਜਾਨੀ ਨੇ ਕਿਹਾ ਕਿ ਸਾਡਾ ਅਧਿਐਨ ਪ੍ਰਦੂਸ਼ਣ ਅਤੇ ਹੱਡੀਆਂ ’ਚ ਸਬੰਧ ਨੂੰ ਲੈ ਕੇ ਸੀਮਤ ਅਤੇ ਅਜਿਹੇ ਨਤੀਜੇ ਦੇ ਰਿਹਾ ਹੈ, ਜੋ ਅੰਤਿਮ ਨਹੀਂ ਹਨ।

ਹੱਡੀਆਂ ’ਤੇ ਇਸ ਤਰ੍ਹਾਂ ਅਸਰ ਪਾਉਂਦੇ ਹਨ ਪ੍ਰਦੂਸ਼ਿਤ ਬਾਰੀਕ ਕਣ
ਹਵਾ ਪ੍ਰਦੂਸ਼ਣ ਮਨੁੱਖ ਦੀਆਂ ਹੱਡੀਆਂ ਨੂੰ ਕਿਵੇਂ ਕਮਜ਼ੋਰ ਕਰਦਾ ਹੈ, ਇਸ ਸਵਾਲ ’ਤੇ ਰਨਜਾਨੀ ਨੇ ਕਿਹਾ, ‘‘ਪ੍ਰਦੂਸ਼ਿਤ ਬਾਰੀਕ ਕਣ ਸਾਹ ਦੇ ਨਾਲ ਅੰਦਰ ਸਰੀਰ ’ਚ ਲੈਣ ਨਾਲ ਆਕਸੀਡੇਟਿਵ ਸਟ੍ਰੈੱਸ ਅਤੇ ਇਨਫਲੇਮੇਸ਼ਨ ਕਾਰਣ ਹੱਡੀਆਂ ਦੀ ਮਿੱਝ ਘਟਦੀ ਹੈ।’’

ਰੇਡੀਓਗ੍ਰਾਫੀ ਨਾਲ ਵਿਚਕਾਰਲੀ ਰੀੜ੍ਹ ਦੀ ਹੱਡੀ ਅਤੇ ਖੱਬਾ ਚੂਲਾ ਜਾਂਚਿਆ
ਅਧਿਐਨ ਲਈ ਖੋਜਕਰਤਾਵਾਂ ਨੇ ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਵਿਕਸਿਤ ਮਾਡਲ ਨੂੰ ਅਪਣਾਇਆ ਜਿਸ ਨਾਲ ਇਹ ਪਤਾ ਲਾਇਆ ਗਿਆ ਕਿ ਆਪਣੇ ਘਰ ’ਚ ਰਹਿੰਦਿਆਂ ਕਿਸੇ ਵਿਅਕਤੀ ’ਤੇ ਪ੍ਰਦੂਸ਼ਿਤ ਬਾਰੀਕ ਕਣਾਂ ਅਤੇ ਕਾਲੇ ਕਾਰਬਨ ਦਾ ਕਿੰਨਾ ਅਸਰ ਪੈਂਦਾ ਹੈ। ਖੋਜਕਰਤਾਵਾਂ ਨੇ ਲੋਕਾਂ ਤੋਂ ਪ੍ਰਸ਼ਨਾਵਲੀ ਵੀ ਭਰਵਾਈ ਜਿਨ੍ਹਾਂ ’ਚ ਅਜਿਹੇ ਵੀ ਸਵਾਲ ਸਨ ਕਿ ਤੁਸੀਂ ਰਸੋਈ ’ਚ ਕਿਸ ਤਰ੍ਹਾਂ ਦਾ ਬਾਲਣ ਪ੍ਰਯੋਗ ਕਰਦੇ ਹੋ। ਖੋਜਕਰਤਾਵਾਂ ਨੇ ਇਕੱਠੀ ਕੀਤੀ ਗਈ ਸੂਚਨਾ ਦਾ ਸਬੰਧ ਹੱਡੀਆਂ ਨਾਲ ਜੋੜਨ ਲਈ ਇਕ ਵਿਸ਼ੇਸ਼ ਕਿਸਮ ਦੀ ਰੇਡੀਓਗ੍ਰਾਫੀ ਦੀ ਵਰਤੋਂ ਕਰਦਿਆਂ ਵਿਚਕਾਰਲੀ ਰੀੜ੍ਹ ਦੀ ਹੱਡੀ ਅਤੇ ਖੱਬੇ ਚੂਲੇ ਦੀ ਹੱਡੀ ਦੀ ਮਿੱਝ ਮਾਪੀ।

ਡਬਲਯੂ. ਐੱਚ. ਓ. ਦੇ ਮਾਪਦੰਡਾਂ ਨਾਲੋਂ ਕਿਤੇ ਜ਼ਿਆਦਾ ਪ੍ਰਦੂਸ਼ਣ
ਨਤੀਜੇ ’ਚ ਇਹ ਸਾਹਮਣੇ ਆਇਆ ਕਿ ਆਲੇ-ਦੁਆਲੇ ਦੀ ਹਵਾ ’ਚ ਪੀ. ਐੱਮ. 2.5 ਦੀ ਮਾਤਰਾ ਔਸਤਨ 32.8 ਮਾਈਕ੍ਰੋਗਰਾਮ ਪ੍ਰਤੀ ਕਿਊਬਿਕ ਮੀਟਰ ਹਵਾ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਨਿਰਧਾਰਤ ਪੱਧਰ ਨਾਲੋਂ ਕਾਫ਼ੀ ਉੱਚਾ ਹੈ। ਅਧਿਐਨ ’ਚ ਹਵਾ ਪ੍ਰਦੂਸ਼ਣ ਅਤੇ ਹੱਡੀਆਂ ਦੀ ਖ਼ਰਾਬ ਸਿਹਤ ’ਚ ਇਕ ਸਬੰਧ ਵਿਖਾਈ ਦਿੱਤਾ ਪਰ ਬਾਲਣ ਦੀ ਕਿਸਮ ਦੇ ਅਸਰ ’ਤੇ ਕੋਈ ਸਿੱਟਾ ਨਹੀਂ ਕੱਢਿਆ ਜਾ ਸਕਿਆ।

ਆਸਟੀਓਪੋਰੋਸਿਸ ਨਾਲ ਬੀਮਾਰੀਆਂ ਦਾ ਖ਼ਤਰਾ ਵਧਿਆ
ਆਸਟੀਓਪੋਰੋਸਿਸ ਬੀਮਾਰੀ ’ਚ ਹੱਡੀਆਂ ਦੀ ਮਿੱਝ ਅਤੇ ਗੁਣਵੱਤਾ ’ਚ ਗਿਰਾਵਟ ਆ ਜਾਂਦੀ ਹੈ। ਵਿਸ਼ਵ ਭਰ ’ਚ ਵਧਦੀਆਂ ਬੀਮਾਰੀਆਂ ਲਈ ਇਹ ਵੀ ਜ਼ਿੰਮੇਦਾਰ ਹੈ ਅਤੇ ਲੋਕਾਂ ਦੀ ਉਮਰ ਵਧਣ ਦੇ ਨਾਲ ਹੀ ਇਸ ਦੇ ਹੋਰ ਗੰਭੀਰ ਹੋਣ ਦਾ ਖਦਸ਼ਾ ਹੈ।

Karan Kumar

This news is Content Editor Karan Kumar