ਪ੍ਰੇਰਣਾ ਭਰੀ ਕਹਾਣੀ : ''ਮੁਸ਼ਕਲਾਂ ਤਾਂ ਬਹੁਤ ਸਨ ਪਰ ਹੱਥ ਵਧਾ ਕੇ ਆਸਮਾਨ ਛੂਹ ਲਿਆ''

06/28/2020 1:46:06 PM

ਨਵੀਂ ਦਿੱਲੀ (ਭਾਸ਼ਾ)— 24 ਸਾਲ ਦੀ ਇਕ ਕੁੜੀ ਪਿਛਲੇ 7 ਸਾਲਾਂ ਤੋਂ ਹਵਾਈ ਫ਼ੌਜ ਦੀ ਨੀਲੀ ਵਰਦੀ ਪਹਿਨ ਕੇ ਬੱਦਲਾਂ ਦੇ ਪਾਰ ਨੀਲੇ ਅੰਬਰ 'ਚ ਉੱਡਣ ਦਾ ਜੋ ਸੁਫ਼ਨਾ ਵੇਖ ਰਹੀ ਸੀ, ਉਹ ਆਖਰਕਾਰ ਸੱਚ ਹੋਇਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਂਚਲ ਗੰਗਵਾਲ ਦੀ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਤਬੀਅਤ ਨਾਲ ਪੱਥਰ ਉਛਾਲਿਆ ਜਾਵੇ ਤਾਂ ਆਸਮਾਨ 'ਚ ਸੁਰਾਖ਼ ਕਰਨਾ ਮੁਮਕਿਨ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 400 ਕਿਲੋਮੀਟਰ ਦੇ ਫਾਸਲੇ 'ਤੇ ਸਥਿਤ ਇਕ ਛੋਟੇ ਜਿਹੇ ਜ਼ਿਲੇ ਨੀਮਚ ਦੇ ਬੱਸ ਅੱਡੇ 'ਤੇ 'ਨਾਮਦੇਵ ਟੀ ਸਟਾਲ' ਦੇ ਨਾਮ ਤੋਂ ਚਾਹ ਦੀ ਦੁਕਾਨ ਚਲਾਉਣ ਵਾਲੇ ਸੁਰੇਸ਼ ਗੰਗਵਾਲ ਦੀ ਜ਼ਿੰਦਗੀ ਅਚਾਨਕ ਬਦਲ ਗਈ ਹੈ। ਵਾਰ-ਵਾਰ ਫੋਨ ਦੀ ਘੰਟੀ ਵੱਜਣ ਲੱਗਦੀ ਹੈ ਅਤੇ ਲੋਕ ਉਨ੍ਹਾਂ ਦੀ ਲਾਡਲੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ। ਉਹ ਕਦੇ ਮੀਡੀਆ ਦੇ ਕੈਮਰਿਆਂ ਅਤੇ ਮਾਈਕ ਨਾਲ ਘਿਰ ਜਾਂਦੇ ਹਨ ਅਤੇ ਹਰ ਵਾਰ ਆਪਣੀ ਬੱਚੀ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਹੋਏ ਉਹ ਮਾਣ ਨਾਲ ਭਰ ਜਾਂਦੇ ਹਨ। ਇਹ ਸਭ ਇਵੇਂ ਹੀ ਨਹੀਂ ਹੋਇਆ।

ਫਲਾਇੰਗ ਅਫ਼ਸਰ ਬਣੀ ਆਂਚਲ—
ਉਨ੍ਹਾਂ ਦੀ ਬੇਟੀ ਆਂਚਲ ਗੰਗਵਾਲ ਹੁਣ ਭਾਰਤੀ ਹਵਾਈ ਫ਼ੌਜ ਵਿਚ ਫਲਾਇੰਗ ਅਫ਼ਸਰ ਹੈ ਅਤੇ ਉਸ ਨੇ ਹਾਲ ਹੀ ਵਿਚ ਡਿੰਡੀਗੁਲ ਵਿਚ ਭਾਰਤੀ ਹਵਾਈ ਫ਼ੌਜ ਅਕੈਡਮੀ ਵਿਚ ਰਾਸ਼ਟਰਪਤੀ ਬੈਜ ਨਾਲ ਹਵਾਈ ਫ਼ੌਜ ਦੇ ਅਧਿਕਾਰੀ ਦੇ ਤੌਰ 'ਤੇ ਸ਼ਾਮਲ ਕਰਦੇ ਹੋਏ ਦੇਸ਼ ਸੇਵਾ ਦੀ ਜ਼ਿੰਮੇਵਾਰੀ ਲਈ। ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐੱਸ ਭਦੌਰੀਆ ਨੇ ਆਂਚਲ ਗੰਗਵਾਲ ਸਮੇਤ ਕੁੱਲ 123 ਅਧਿਕਾਰੀਆਂ ਨੂੰ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਕੀਤਾ।

ਪਿਤਾ ਕਰ ਕੇ ਮਿਲੀ ਸੁਫ਼ਨਿਆਂ ਨੂੰ ਉਡਾਣ—
ਆਂਚਲ ਆਪਣੀ ਇਸ ਉਪਲੱਬਧੀ ਦਾ ਪੂਰਾ ਸਿਹਰਾ ਆਪਣੇ ਪਿਤਾ ਨੂੰ ਦਿੰਦੇ ਹੋਏ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਨੇ ਆਪਣੇ ਤਿੰਨੋਂ ਬੱਚਿਆਂ ਦੀਆਂ ਤਮਾਮ ਜ਼ਰੂਰਤਾਂ ਪੂਰੀ ਕਰਨ ਲਈ ਸਾਰੀ ਜ਼ਿੰਦਗੀ ਮਿਹਨਤ ਕੀਤੀ। ਆਂਚਲ ਦਾ ਕਹਿਣਾ ਹੈ ਕਿ ਜਦੋਂ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਹਵਾਈ ਫ਼ੌਜ ਵਿਚ ਜਾਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਆਪਣੀ ਧੀ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਪ੍ਰੇਰਣਾ ਦਿੱਤੀ। ਆਂਚਲ ਕਹਿੰਦੀ ਹੈ ਕਿ ਜਦੋਂ ਮੈਂ ਸਕੂਲ 'ਚ ਪੜ੍ਹਦੀ ਸੀ ਤਾਂ ਮੈਂ ਉਦੋਂ ਤੋਂ ਹਵਾਈ ਫ਼ੌਜ ਵਿਚ ਜਾਣ ਦਾ ਫੈਸਲਾ ਲਿਆ ਸੀ। ਹੁਣ ਅਫ਼ਸਰ ਬਣਨ ਤੋਂ ਬਾਅਦ ਵੀ ਯਕੀਨ ਨਹੀਂ ਹੋ ਰਿਹਾ। ਇਹ ਕਿਸੇ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ। ਮੈਂ ਲੱਗਭਗ ਹਰ ਰਾਤ ਇਹ ਹੀ ਸੁਫ਼ਨਾ ਦੇਖਦੀ ਸੀ ਕਿ ਫ਼ੌਜ ਦੀ ਵਰਦੀ ਵਿਚ ਆਪਣੇ ਮਾਤਾ-ਪਿਤਾ ਦੇ ਸਾਹਮਣੇ ਖੜ੍ਹੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਆਪਣੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਝੱਲੀਆਂ।

ਆਫ਼ਤ ਨੇ ਆਂਚਲ ਦੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ—
ਸਾਲ 2013 'ਚ ਉੱਤਰਾਖੰਡ 'ਚ ਆਏ ਹੜ੍ਹ ਨੇ 12ਵੀਂ ਜਮਾਤ 'ਚ ਪੜ੍ਹਨ ਵਾਲੀ ਆਂਚਲ ਦੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇ ਦਿੱਤੀ। ਹਰ ਪਾਸੇ ਪਾਣੀ ਦੀ ਆਫ਼ਤ ਨਾਲ ਘਿਰੇ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਤੱਕ ਜ਼ਰੂਰਤ ਦਾ ਸਾਮਾਨ ਪਹੁੰਚਾਉਣ 'ਚ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਨੇ ਜਿਸ ਤਰ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ-ਰਾਤ ਮਿਹਨਤ ਕੀਤੀ, ਉਸ ਤੋਂ ਆਂਚਲ ਨੇ ਹਵਾਈ ਫ਼ੌਜ ਵਿਚ ਸ਼ਾਮਲ ਹੋਣ ਦੀ ਸਹੁੰ ਖਾਧੀ ਅਤੇ ਪੂਰੇ ਦਿਲ ਨਾਲ ਇਸ ਦਿਸ਼ਾ ਵਿਚ ਕੋਸ਼ਿਸ਼ ਕਰਨ ਲੱਗੀ। ਨੀਮਚ ਦੇ ਹੀ ਸੀਤਾਰਾਮ ਜਾਜੂ ਸਰਕਾਰੀ ਮਹਿਲਾ ਕਾਲਜ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ ਦੌਰਾਨ ਉਹ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਆਖਰਕਾਰ 5 ਸਾਲ ਤੱਕ ਅਸਫਲਤਾ ਦਾ ਕੌੜਾ ਘੂੰਟ ਪੀਣ ਤੋਂ ਬਾਅਦ ਉਹ 6ਵੀਂ ਕੋਸ਼ਿਸ਼ ਵਿਚ ਉਹ ਭਾਰਤੀ ਹਵਾਈ ਫ਼ੌਜ ਵਿਚ ਚੁਣੀ ਗਈ।

ਇਹ ਵੀ ਪੜ੍ਹੋ:  ਚਾਹ ਵੇਚਣ ਵਾਲੇ ਦੀ ਧੀ ਬਣੀ IAF 'ਚ ਫਲਾਇੰਗ ਅਫ਼ਸਰ, ਪਿਤਾ ਬੋਲੇ- 'ਮੈਨੂੰ ਮਾਣ ਹੈ'

Tanu

This news is Content Editor Tanu