ਹਰਿਆਣਾ-ਰਾਜਸਥਾਨ ਸਰਹੱਦ 'ਤੇ ਕਿਸਾਨਾਂ ਦਾ ਪ੍ਰਦਰਸ਼ਨ, ਭੁੱਖ-ਹੜਤਾਲ 'ਤੇ ਬੈਠੇ

12/14/2020 11:31:46 AM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 19ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਅੰਦੋਲਨ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਕੋਈ ਰਾਹ ਨਹੀਂ ਨਿਕਲਿਆ, ਅਜਿਹੇ ਵਿਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਦਿੱਲੀ ਦੇ ਨਾਕਿਆਂ 'ਤੇ ਵੱਖ-ਵੱਖ ਥਾਵਾਂ 'ਤੇ ਕਿਸਾਨ ਭੁੱਖ-ਹੜਤਾਲ 'ਤੇ ਸਵੇਰੇ 8 ਵਜੇ ਤੋਂ ਬੈਠੇ ਹਨ, ਜੋ ਕਿ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਕਿਸਾਨਾਂ ਦੀ ਇਹ ਭੁੱਖ-ਹੜਤਾਲ ਇਕ ਦਿਨ ਦੀ ਹੈ। ਹਰਿਆਣਾ-ਰਾਜਸਥਾਨ ਸਰਹੱਦ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਰਾਜਸਥਾਨ ਦੇ ਸ਼ਾਹਜਹਾਂਪੁਰ 'ਚ ਵੱਡੀ ਗਿਣਤੀ ਵਿਚ ਕਿਸਾਨ ਸਰਹੱਦ 'ਤੇ ਅੰਦੋਲਨ ਕਰ ਰਹੇ ਹਨ ਅਤੇ ਭੁੱਖ-ਹੜਤਾਲ 'ਤੇ ਹਨ। ਇਸ ਤੋਂ ਇਲਾਵਾ ਦਿੱਲੀ 'ਚ ਵੀ ਸਿੰਘੂ, ਟਿਕਰੀ, ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਵਲੋਂ ਸੜਕਾਂ ਨੂੰ ਜਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਬੈਠਕਾਂ ਵਿਚ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ, ਤਾਂ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਅਤੇ ਸਿੱਧੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ।

ਹਰਿਆਣਾ-ਰਾਜਸਥਾਨ ਸਰਹੱਦ 'ਤੇ ਦੋ ਕਿਸਾਨ ਭੁੱਖ-ਹੜਤਾਲ 'ਤੇ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਅੰਦੋਲਨ 'ਚ 11 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਅਜਿਹੇ ਵਿਚ ਸਰਕਾਰ ਨੂੰ ਜਿੱਦ ਛੱਡਣੀ ਚਾਹੀਦੀ ਹੈ। ਕਿਸਾਨ ਆਪਣੇ ਅੰਦੋਲਨ ਨੂੰ ਤੇਜ਼ ਕਰ ਰਹੇ ਹਨ। ਭੁੱਖ-ਹੜਤਾਲ 'ਤੇ ਬੈਠੇ ਕਿਸਾਨਾਂ ਦੇ ਸਮਰਥਨ ਵਿਚ ਹੋਰ ਥਾਵਾਂ ਤੋਂ ਵੀ ਲੋਕ ਆ ਰਹੇ ਹਨ। ਦੱਸਣਯੋਗ ਹੈ ਕਿ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਜਿਸ ਨੂੰ ਸਰਕਾਰ ਨਹੀਂ ਮੰਨ ਰਹੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀਆਂ ਦੀਆਂ ਸਰਹੱਦਾਂ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦੋ ਹਫ਼ਤਿਆਂ ਤੋਂ ਵਧ ਸਮੇਂ ਤੋਂ ਡਟੇ ਹੋਏ ਹਨ।

Tanu

This news is Content Editor Tanu