ਡਰਗਸ ਖਿਲਾਫ 7 ਰਾਜ ਹੋਣਗੇ ਇਕਜੁਟ, ਚੰਡੀਗੜ੍ਹ ''ਚ ਸੋਮਵਾਰ ਹੋਵੇਗੀ ਬੈਠਕ

08/19/2018 12:25:03 PM

ਨੈਸ਼ਨਲ ਡੈਸਕ— ਡਰਗਸ ਖਿਲਾਫ ਹੁਣ ਇਕੱਲੇ ਪੰਜਾਬ-ਹਰਿਆਣਾ ਨਹੀਂ, ਸਗੋਂ 7 ਰਾਜ ਮਿਲ ਕੇ ਲੜਾਈ ਲੜਣ ਜਾ ਰਹੇ ਹਨ। ਇਨ੍ਹਾਂ ਰਾਜਾਂ ਨੂੰ ਇੱਕਜੁਟ ਕਰਨ ਦੀ ਪਹਿਲ ਹਰਿਆਣਾ ਨੇ ਕੀਤੀ ਹੈ। ਹਰਿਆਣੇ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਸੰਦਰਭ ਵਿਚ ਕਈ ਰਾਜਾਂ ਨਾਲ ਗੱਲ ਕੀਤੀ ਸੀ ਜਿਸ ਤੋਂ ਬਾਅਦ ਇਹ ਬੈਠਕ ਤੈਅ ਹੋਈ ਹੈ। ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ 'ਚ 20 ਅਗਸਤ ਨੂੰ 7 ਰਾਜਾਂ ਦੀ ਬੈਠਕ ਹੋਵੇਗੀ।
ਇਨ੍ਹਾਂ ਰਾਜਾਂ ਵਿਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਉਤਰਾਖੰਡ ਅਤੇ ਚੰਡੀਗੜ੍ਹ ਸ਼ਾਮਿਲ ਹਨ। ਬੈਠਕ ਵਿਚ ਨਸ਼ੇ 'ਤੇ ਕਾਬੂ ਪਾਉਣ ਦੇ ਨਾਲ-ਨਾਲ ਇਸ ਰੋਗ ਦੀ ਤਹਿ ਤੱਕ ਪੁੱਜਣ ਦੀ ਰਣਨੀਤੀ ਤਿਆਰ ਹੋਵੇਗੀ। ਇੱਥੇ ਦੱਸ ਦੇਈਏ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣੇ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖ ਕੇ ਡਰਗਸ  ਖਿਲਾਫ ਮੁਹਿੰਮ 'ਚ ਸਹਿਯੋਗ ਮੰਗਿਆ ਸੀ। ਮੁੱਖਮੰਤਰੀ ਨੇ ਉਨ੍ਹਾਂ ਦੀ ਚਿੱਠੀ ਦਾ ਸਕਾਰਾਤਮਕ ਜਵਾਬ ਦੇਣ ਤੋਂ ਬਾਅਦ ਹੋਰ ਰਾਜਾਂ ਦੇ ਮੁੱਖਮੰਤਰੀਆਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਇਹ ਬੈਠਕ ਹੋ ਰਹੀ ਹੈ। ਇਸ ਬੈਠਕ 'ਚ ਇਨ੍ਹਾਂ ਪ੍ਰਦੇਸ਼ਾਂ ਦੇ ਸੀਨੀਅਰ ਪੁਲਸ ਅਧਿਕਾਰੀ ਸ਼ਾਮਿਲ ਹੋਣਗੇ।