ਮਨਾਹੀ ਦੇ ਬਾਵਜੂਦ ਹਾਰਦਿਕ ਨੇ 2 ਹਜ਼ਾਰ ਬਾਈਕਾਂ ਨਾਲ ਕੀਤਾ ਰੋਡ ਸ਼ੋਅ

12/11/2017 3:31:30 PM

ਅਹਿਮਦਾਬਾਦ— ਗੁਜਰਾਤ ਚੋਣਾਂ 'ਚ ਸੱਤਾਧਾਰੀ ਭਾਜਪਾ ਦਾ ਖੁੱਲ੍ਹੇਆਮ ਵਿਰੋਧ ਕਰ ਰਹੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ (ਪਾਸ) ਦੇ ਨੇਤਾ ਹਾਰਦਿਕ ਪਟੇਲ ਨੇ ਪ੍ਰਸ਼ਾਸਨ ਦੀ ਮਨਾਹੀ ਦੇ ਬਾਵਜੂਦ ਵੀ ਅਹਿਮਦਾਬਾਦ 'ਚ ਰੋਡ ਸ਼ੋਅ ਕੀਤਾ। ਰਾਜ ਦੇ ਸਭ ਤੋਂ ਵੱਡੇ ਸ਼ਹਿਰ 'ਚ ਬੋਪਲ ਤੋਂ ਆਰ.ਟੀ.ਓ. ਸਰਕਿਲ ਤੱਕ 8 ਕਿਲੋਮੀਟਰ ਲੰਬਾ ਰੋਡ ਸ਼ੋਅ ਆਯੋਜਿਤ ਕਰ ਰਹੇ ਹਾਰਦਿਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਲੋਕਾਂ ਦਾ ਸਮਰਥਨ ਮਿਲਣ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੈ।
ਸਮਰਥਕਾਂ ਦੀ ਭਾਰੀ ਭੀੜ ਅਤੇ ਮੋਟਰਸਾਈਕਲਾਂ ਅਤੇ ਚਾਰ ਪਹੀਆ ਵਾਹਨਾਂ ਦੇ ਕਾਫਲੇ ਨਾਲ ਨਿਕਲੇ ਹਾਰਦਿਕ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਪਾਸ ਤੋਂ ਉਨ੍ਹਾਂ ਦੇ ਕੁਝ ਪੁਰਾਣੇ ਸਾਥੀਆਂ ਦੇ ਚੱਲੇ ਜਾਣ ਨਾਲ ਵੀ ਉਨ੍ਹਾਂ ਨੂੰ ਕੋਈ ਮੁਸ਼ਕਲ ਅਤੇ ਪਰੇਸ਼ਾਨੀ ਪੇਸ਼ ਨਹੀਂ ਆਈ ਹੈ। ਉਨ੍ਹਾਂ ਦੇ ਰੋਡ ਸ਼ੋਅ 'ਚ 2 ਹਜ਼ਾਰ ਬਾਈਕਾਂ ਦੀ ਵਰਤੋਂ ਹੋਈ। ਇਸ ਦੌਰਾਨ ਇਹ ਨੌਜਵਾਨਾਂ ਨਾਲ ਹੱਥ ਮਿਲਾਉਂਦੇ ਨਜ਼ਰ ਆਏ ਅਤੇ ਵੱਡੇ-ਬਜ਼ੁਰਗਾਂ ਤੋਂ ਆਸ਼ੀਰਵਾਦ ਵੀ ਲਿਆ। ਹਾਰਦਿਕ ਦਾ ਮੰਨਣਾ ਹੈ ਕਿ ਸੂਰਤ ਦੀ ਤਰ੍ਹਾਂ ਹੀ ਅਹਿਮਦਾਬਾਦ 'ਚ ਉਨ੍ਹਾਂ ਨੂੰ ਚੰਗੀ ਪ੍ਰਤੀਕਿਰਿਆ ਮਿਲੇਗੀ। ਜ਼ਿਕਰਯੋਗ ਹੈ ਕਿ ਸੁਰੱਖਿਆ ਅਤੇ ਆਵਾਜਾਈ ਕਾਰਨ ਨਾਲ ਸੋਮਵਾਰ ਨੂੰ ਗੁਜਰਾਤ ਪੁਲਸ ਨੇ ਪੀ.ਐੱਮ. ਮੋਦੀ ਅਤੇ ਰਾਹੁਲ ਗਾਂਧੀ ਦੇ ਰੋਡ ਸ਼ੋਅ ਨੂੰ ਰੱਦ ਕਰ ਦਿੱਤਾ। ਉੱਥੇ ਹੀ ਪੁਲਸ ਨੇ ਸ਼ਹਿਰ 'ਚ ਹੋਣ ਵਾਲੇ ਸਾਰੇ ਰੋਡ ਸ਼ੋਅ ਰੱਦ ਕਰ ਦਿੱਤੇ ਸਨ ਪਰ ਹਾਰਦਿਕ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰੋਡ ਸ਼ੋਅ ਕੀਤਾ।