3 ਬੱਚਿਆਂ ਦੀ ਮਾਂ ਨਸਬੰਦੀ ਕਰਵਾਉਣ ਦੇ ਬਾਵਜੂਦ ਹੋਈ ਗਰਭਵਤੀ, ਪਹੁੰਚੀ ਅਦਾਲਤ

12/11/2017 12:40:12 AM

ਨਵੀਂ ਦਿੱਲੀ (ਭਾਸ਼ਾ)— 4 ਬੱਚਿਆਂ ਦੀ ਮਾਂ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਦਿੱਲੀ ਸਰਕਾਰ ਵਲੋਂ ਚਲਾਏ ਜਾ ਰਹੇ ਪਰਿਵਾਰ ਸੇਵਾ ਕਲੀਨਿਕ 'ਚ ਕਰਾਈ ਗਈ ਉਸ ਦੀ ਨਸਬੰਦੀ ਅਸਫਲ ਰਹਿਣ ਦੇ ਮਾਮਲੇ 'ਚ ਸਰਕਾਰ ਕੋਲੋਂ ਮੁਆਵਜ਼ਾ ਮੰਗਿਆ ਹੈ। ਨਸਬੰਦੀ ਅਸਫਲ ਰਹਿਣ ਕਾਰਨ 28 ਸਾਲਾਂ ਔਰਤ ਚੌਥੀ ਵਾਰ ਗਰਭਵਤੀ ਹੋ ਗਈ ਸੀ। 
ਜਸਟਿਸ ਵਿਭੂ ਬਾਖਰੂ ਦੀ ਅਦਾਲਤ 'ਚ ਕੇਂਦਰ ਸਰਕਾਰ ਦੇ ਪਰਿਵਾਰ ਨਿਯੋਜਨ ਹਰਜਾਨਾ ਪੂਰਤੀ ਯੋਜਨਾ ਨੂੰ ਲਾਗੂ ਕਰਨ ਦੀ ਮੰਗ ਕਰਨ ਵਾਲੀ ਰਿੱਟ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਕਿਉਂਕਿ ਜਸਟਿਸ ਬਾਖਰੂ ਉਸ ਦਿਨ ਮੌਜੂਦ ਨਹੀਂ ਸਨ। ਹੁਣ ਇਸ ਰਿੱਟ 'ਤੇ ਸੁਣਵਾਈ ਲਈ 16 ਜਨਵਰੀ ਦੀ ਤਰੀਕ ਤੈਅ ਕੀਤੀ ਗਈ ਹੈ। ਵਕੀਲ ਸਿਜਾ ਨਾਇਰ ਪਾਲ ਰਾਹੀਂ ਦਾਇਰ ਰਿੱਟ ਅਨੁਸਾਰ ਔਰਤ ਨੇ ਪਿਛਲੇ ਸਾਲ 9 ਅਗਸਤ ਨੂੰ ਨਸਬੰਦੀ ਕਰਵਾਈ ਸੀ।
ਰਿੱਟ 'ਚ ਕਿਹਾ ਗਿਆ ਹੈ ਕਿ ਜਦੋਂ ਮਈ 'ਚ ਉਹ ਮੁੜ ਜਾਂਚ ਕਰਾਉਣ ਲਈ ਕਲੀਨਿਕ ਗਈ ਤਾਂ ਪਤਾ ਲੱਗਾ ਕਿ ਉਹ 14 ਹਫਤਿਆਂ ਦੀ ਗਰਭਵਤੀ ਹੈ। ਉਸ ਨੇ ਦੋਸ਼ ਲਾਇਆ ਕਿ ਕਲੀਨਿਕ ਨੇ ਉਸ ਨੂੰ ਇਸ ਪ੍ਰਕਿਰਿਆ ਬਾਰੇ ਨਸਬੰਦੀ ਕਰਾਉਣ ਤੋਂ ਪਹਿਲਾਂ ਤੇ ਬਾਅਦ 'ਚ ਕਾਊਂਸਲਿੰਗ ਨਹੀਂ ਦਿੱਤੀ ਅਤੇ ਸੰਭਾਵਤ ਖਤਰਿਆਂ ਅਤੇ ਸਰਜਰੀ ਮਗਰੋਂ ਕੀਤੀ ਜਾ ਰਹੀ ਦੇਖ-ਭਾਲ ਜਾਂ ਸਰਜਰੀ ਦੇ ਅਸਫਲ ਰਹਿਣ ਦੇ ਖਦਸ਼ੇ ਬਾਰੇ ਜਾਣਕਾਰੀ ਨਹੀਂ ਦਿੱਤੀ।