Amul ਦੇ ਬਾਅਦ ਹੁਣ ਮਦਰ ਡੇਅਰੀ ਨੇ ਵੀ ਮਹਿੰਗਾ ਕੀਤਾ ਦੁੱਧ, 2 ਰੁਪਏ ਲਿਟਰ ਤੱਕ ਵਧੀ ਕੀਮਤ

05/24/2019 5:54:55 PM

ਨਵੀਂ ਦਿੱਲੀ — ਅਮੂਲ ਦੇ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਮਦਰ ਡੇਅਰੀ ਨੇ ਕਿਸਾਨਾਂ ਤੋਂ ਦੁੱਧ ਖਰੀਦਣ ਦੀ ਲਾਗਤ 'ਚ ਵਾਧਾ ਹੋਣ ਕਾਰਨ ਸ਼ੁੱਕਰਵਾਰ ਨੂੰ ਆਪਣੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਂਆਂ ਕੀਮਤਾਂ ਸ਼ਨੀਵਾਰ ਯਾਨੀ ਕਿ 25 ਮਈ ਤੋਂ ਲਾਗੂ ਹੋ ਰਹੀਆਂ ਹਨ। ਹਾਲਾਂਕਿ ਅਮੂਲ ਤੋਂ ਬਾਅਦ ਮਦਰ ਡੇਅਰੀ ਦਾ ਇਹ ਫੈਸਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਕ ਦਿਨ ਪਹਿਲਾਂ ਹੀ ਦੇਸ਼ 'ਚ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਹਨ।

ਪਾਲੀ ਪੈਕ ਦੁੱਧ ਦੀਆਂ ਹੀ ਵਧੀਆਂ ਕੀਮਤਾਂ

ਕੰਪਨੀ ਨੇ ਸਿਰਫ ਪਾਲੀ ਪੈਕ ਮਿਲਕ ਦੀਆਂ ਕੀਮਤਾਂ ਵਿਚ ਹੀ ਵਾਧਾ ਕੀਤਾ ਹੈ। ਹਾਲਾਂਕਿ ਬਲਕ ਵੇਂਡੇਡ ਦੁੱਧ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੁੱਧ ਨੂੰ ਟੋਕਨ ਮਿਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲਿਟਰ ਵਧਾਈਆਂ ਸਨ। 

1 ਲਿਟਰ ਦਾ ਪੈਕ 1 ਰੁਪਏ ਮਹਿੰਗਾ ਹੋਇਆ

ਕੰਪਨੀ ਨੇ ਇਕ ਬਿਆਨ ਵਿਚ ਕਿਹਾ,'ਮਦਰ ਡੇਅਰੀ ਨੇ 25 ਮਈ 2019 ਤੋਂ ਦਿੱਲੀ ਐਨ.ਸੀ.ਆਰ. 'ਚ ਆਪਣੇ ਪਾਲੀ ਪੈਕ ਵੇਰੀਏਂਟਸ ਦੀ ਕੀਮਤਾਂ ਵਿਚ ਵਾਧਾ ਕੀਤਾ ਹੈ। ਹੁਣ 1 ਲਿਟਰ ਦਾ ਪੈਕ 1 ਰੁਪਏ ਅਤੇ 500 ਮਿ.ਲੀ. ਦਾ ਪੈਕ 2 ਰੁਪਏ ਪ੍ਰਤੀ ਲਿਟਰ ਮਹਿੰਗਾ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਗਾਹਕਾਂ 'ਤੇ ਪ੍ਰਤੀ ਪੈਕ 1 ਰੁਪਏ ਦਾ ਵਾਧੂ ਬੋਝ ਪਵੇਗਾ।

ਅਮੂਲ ਦਾ ਦੁੱਧ ਪਹਿਲਾਂ ਹੀ ਹੋ ਚੁੱਕਾ ਹੈ ਮਹਿੰਗਾ

ਅਮੂਲ ਦਾ ਪਾਲੀਪੈਕ ਦੁੱਧ ਵੀ  ਮੰਗਲਵਾਰ ਤੋਂ ਹੀ 2 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਕੀਮਤਾਂ ਵਿਚ ਇਹ ਵਾਧਾ ਦਿੱਲੀ ਐਨ.ਸੀ.ਆਰ., ਮਹਾਰਾਸ਼ਟਰ ਅਤੇ ਹੋਰ ਸੂਬਿਆਂ 'ਚ ਲਾਗੂ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਅਹਿਮਦਾਬਾਦ 'ਚ 500 ਮਿ.ਲੀ. ਦਾ ਅਮੂਲ ਗੋਲਡ(Amul Gold) ਦਾ ਪੈਕ 27 ਰੁਪਏ, ਅਮੂਲ ਸ਼ਕਤੀ(Amul Shakti) 25 ਰੁਪਏ, ਅਮੂਲ ਤਾਜ਼ਾ(Amul Taaza) 21 ਰੁਪਏ ਅਤੇ ਅਮੂਲ ਡਾਇਮੰਡ 28 ਰੁਪਏ ਦਾ ਮਿਲ ਰਿਹਾ ਹੈ। ਹਾਲਾਂਕਿ ਗੁਜਰਾਤ 'ਚ ਗਾਂ ਦੇ ਦੁੱਧ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।

ਦੋ ਸਾਲ ਬਾਅਦ ਵਧੀਆਂ ਦੁੱਧ ਦੀਆਂ ਕੀਮਤਾਂ

ਜੀ.ਸੀ.ਐਮ.ਐਮ.ਐਫ. ਨੇ ਕਿਹਾ, 'ਦੁੱਧ ਦੀਆਂ ਕੀਮਤਾਂ ਵਿਚ ਇਹ ਵਾਧਾ ਦੋ ਸਾਲ ਬਾਅਦ ਕੀਤਾ ਗਿਆ ਹੈ। ਇਸ ਦਾ  ਉਦੇਸ਼ ਦੁੱਧ ਦੇ ਉਤਪਾਦਨ 'ਚ ਕਮੀ ਅਤੇ ਉਤਪਾਦਨ ਲਾਗਤ 'ਤੇ ਵਾਧੇ ਦੇ ਕਾਰਨ ਦੁੱਧ ਉਤਪਾਦਕਾਂ ਨੂੰ ਸਹੀ ਖਰੀਦ ਮੁੱਲ ਉਪਲੱਬਧ ਕਰਵਾਉਣਾ ਹੈ। ਇਸ ਨਾਲ ਇਸ ਕਿੱਤੇ 'ਚ ਹੋਰ ਲੋਕ ਵੀ ਜੁੜਣ ਲਈ ਉਤਸ਼ਾਹਿਤ ਹੋਣਗੇ।