ਅਦਾਲਤ ਦਾ ਫ਼ੈਸਲਾ- ਬਾਲਗ ਧੀ ਵਿਆਹ ਤੱਕ ਪਿਤਾ ਤੋਂ ਲੈ ਸਕਦੀ ਹੈ ਸਾਰਾ ਖ਼ਰਚਾ

06/26/2022 1:22:58 PM

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਕੜਕੜਡੂਮਾ ਅਦਾਲਤ ਦੀ ਫੈਮਿਲੀ ਕੋਰਟ ਨੇ ਇਕ ਬਾਲਗ ਲੜਕੀ ਦੀ ਉਸ ਦੇ ਪਿਤਾ ਤੋਂ ਗੁਜ਼ਾਰਾ ਭੱਤਾ ਲੈਣ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪਿਤਾ ਨੂੰ ਧੀ ਨੂੰ ਗੁਜ਼ਾਰੇ ਲਈ 10 ਹਜ਼ਾਰ ਰੁਪਏ ਦੇਣ ਲਈ ਕਿਹਾ। ਪਿਤਾ ਨੇ ਅਦਾਲਤ ’ਚ ਦਲੀਲ ਦਿੱਤੀ ਸੀ ਕਿ ਧੀ ਬਾਲਗ ਹੈ ਅਤੇ ਉਹ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਨਹੀਂ ਹੈ ਪਰ ਅਦਾਲਤ ਨੇ ਪਿਤਾ ਦੀ ਦਲੀਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

ਅਦਾਲਤ ਨੇ ਮਾਮਲੇ ’ਚ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਆਪਣੇ ਫੈਸਲੇ 'ਚ ਕਿਹਾ ਕਿ ਕਾਨੂੰਨ ਮੁਤਾਬਕ ਧੀ ਨਾ ਸਿਰਫ ਬਾਲਗ ਹੋਣ ਤੱਕ ਸਗੋਂ ਵਿਆਹ ਤੋਂ ਪਹਿਲਾਂ ਪਿਤਾ ਤੋਂ ਆਪਣੇ ਸਾਰੇ ਖਰਚੇ ਲੈਣ ਦੀ ਹੱਕਦਾਰ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਪਿਤਾ ਕਹਿੰਦਾ ਹੈ ਕਿ ਉਹ ਆਰਥਿਕ ਤੌਰ ’ਤੇ ਕਮਜ਼ੋਰ ਹੈ ਅਤੇ ਧੀ ਨੂੰ ਗੁਜ਼ਾਰਾ ਭੱਤਾ ਨਹੀਂ ਦੇ ਸਕਦਾ ਤਾਂ ਪਿਤਾ ਦੀ ਹੈਸੀਅਤ ਅਨੁਸਾਰ ਧੀ ਨੂੰ ਗੁਜ਼ਾਰਾ ਭੱਤਾ ਦਿੱਤਾ ਜਾਵੇ।

ਬਾਲਗ ਧੀ ਨੇ ਅਦਾਲਤ ਦੇ ਸਾਹਮਣੇ ਪਿਤਾ ਤੋਂ ਉੱਚ ਸਿੱਖਿਆ ਦਾ ਖਰਚਾ ਚੁੱਕਣ ਦੀ ਮੰਗ ਵੀ ਰੱਖੀ ਸੀ। ਕਾਰੋਬਾਰੀ ਪਿਤਾ ਧੀ ਦੀ ਉਮਰ ਦਾ ਹਵਾਲਾ ਦੇ ਕੇ ਉੱਚ ਸਿੱਖਿਆ ਦਾ ਖਰਚਾ ਚੁੱਕਣ ਲਈ ਤਿਆਰ ਨਹੀਂ ਸੀ। ਪਿਤਾ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੀ ਮਾਂ ਨਾਲ ਰਹਿੰਦੀ ਹੈ, ਇਸ ਲਈ ਜੇ ਉਸ ਦੀ ਧੀ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੀ ਹੈ ਤਾਂ ਉਸ ਦਾ ਖਰਚਾ ਚੁੱਕਣਾ ਉਸ ਦੀ ਜ਼ਿੰਮੇਵਾਰੀ ਨਹੀਂ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਧੀ ਦੀ ਉੱਚ ਸਿੱਖਿਆ ਦਾ ਸਾਰਾ ਖਰਚਾ ਪਿਤਾ ਨੂੰ ਹੀ ਚੁੱਕਣਾ ਚਾਹੀਦਾ ਹੈ।

Tanu

This news is Content Editor Tanu