ਪ੍ਰਕਾਸ਼ ਪੁਰਬ ਮੌਕੇ PM ਮੋਦੀ ਦਾ ਸੰਬੋਧਨ, 'ਨਾਮ ਜਪੋ, ਕਿਰਤ ਕਰੋ, ਵੰਡ ਛਕੋ' ਦੇ ਗੁਰੂ ਮੰਤਰ 'ਤੇ ਅੱਗੇ ਵੱਧ ਰਿਹਾ ਦੇਸ਼

11/07/2022 9:26:04 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮ ਵਿਚ ਪਹੁੰਚੇ। ਇਹ ਸਮਾਗਮ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਦਿੱਲੀ ਦੇ ਲੋਧੀ ਸਟੇਟ ਸਥਿਤ ਰਿਹਾਇਸ਼ 'ਤੇ ਕਰਵਾਇਆ ਜਾ ਰਿਹਾ ਹੈ। 

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਤੇ ਦੇਵ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਪ੍ਰਕਾਸ਼ ਪੁਰਬ ਮੌਕੇ ਮਿਲੇ ਅਸ਼ੀਰਵਾਦ ਤੇ ਪ੍ਰੇਰਨਾ ਸਦਕਾ ਦੇਸ਼ ਨੂੰ ਤਰੱਕੀ ਲਈ ਨਵੀਂ ਊਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਵਜੋਂ ਲੰਮਾ ਸਮਾਂ ਪੰਜਾਬ ਚ ਬਿਤਾਇਆ ਹੈ, ਉਸ ਵੇਲੇ ਕਈ ਵਾਰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦਾ ਸੁਭਾਗ ਮਿਲਿਆ। 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂਆਂ ਦੇ ਅਸ਼ੀਰਵਾਦ ਸਦਕਾ ਦੇਸ਼ ਨੇ ਅਨੇਕਾਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਹਰ ਪ੍ਰਕਾਸ਼ ਪੁਰਬ ਦਾ ਪ੍ਰਕਾਸ਼ ਦੇਸ਼ ਲਈ ਪ੍ਰੇਰਨਾ ਪੁੰਜ ਦਾ ਕੰਮ ਕਰ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ‘ਬਾਬਾ ਨਾਨਕ’ ਦੇ ਪ੍ਰਕਾਸ਼ ਪੁਰਬ ਮੌਕੇ DSGMC ਵਲੋਂ ਸਜਾਇਆ ਗਿਆ ਨਗਰ ਕੀਰਤਨ (ਵੇਖੋ ਤਸਵੀਰਾਂ)

ਉਨ੍ਹਾਂ ਕਿਹਾ ਕਿ 'ਨਾਮ ਜਪੋ, ਕਿਰਤ ਕਰੋ, ਵੰਡ ਛਕੋ' ਦੇ ਗੁਰੂ ਮੰਤਰ 'ਤੇ ਦੇਸ਼ ਅੱਗੇ ਵੱਧ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੇਂ ਤੇ ਭੂਗੋਲ ਦੀਆਂ ਹੱਦਾਂ ਤੋਂ ਪਰੇ ਹੈ। ਵਿਸ਼ਵ ਵਿਚ ਫੈਲੀ ਅਸ਼ਾਂਤੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਵੱਡੀ ਤੋਂ ਵੱਡੀ ਖੱਡ ਨੂੰ ਭਰ ਸਕਦਾ ਹੈ। 

ਸੀ. ਏ. ਏ. ਕਾਨੂੰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਜਰਾਤ ਸਰਕਾਰ ਨੇ ਦੂਜੇ ਦੇਸ਼ਾਂ ਤੋਂ ਪਰੇਸ਼ਾਨ ਸਿੱਖ ਨਾਗਰਿਕਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਕੇ ਇਹ ਸਾਫ਼ ਕਰ ਦਿੱਤਾ ਕਿ ਦੁਨੀਆ ਵਿਚ ਸਿੱਖ ਕੀਤੇ ਵੀ ਨੇ, ਭਾਰਤ ਉਨ੍ਹਾਂ ਦਾ ਆਪਣਾ ਘਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਸੁਖਾਲਾ ਬਣਾਉਣ ਲਈ ਦਿੱਲੀ-ਕਟੜਾ ਹਾਈਵੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨਾਲ ਦਿੱਲੀ ਤੇ ਅੰਮ੍ਰਿਤਸਰ ਵਿਚਾਲੇ ਦੂਰੀ ਘੱਟ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੰਦੇ ਭਾਰਤ ਐਕਸਪ੍ਰੈੱਸ ਤੇ ਹੇਮਕੁੰਟ ਸਾਹਿਬ ਰੋਪਵੇਅ ਦਾ ਵੀ ਜ਼ਿਕਰ ਕੀਤਾ।

ਸਮਾਗਮ ਦੌਰਾਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ,  ਕੇਂਦਰੀ ਮੰਤਰੀ ਹਰਦੀਪ ਪੁਰੀ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਆਦਿ ਮੌਜੂਦ ਰਹੇ।
 

Anmol Tagra

This news is Content Editor Anmol Tagra