ਅਮਿਤ ਸ਼ਾਹ ਨੂੰ ਮਿਲੇ ਅਦਾਰ ਪੂਨਾਵਾਲਾ, ਦੱਸਿਆ- ਬੱਚਿਆਂ ਲਈ ਕਦੋਂ ਆਵੇਗਾ ਕੋਵੈਕਸ ਦਾ ਟੀਕਾ

08/06/2021 8:13:53 PM

ਨਵੀਂ ਦਿੱਲੀ - ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ, ਉਹ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੂੰ ਵੀ ਮਿਲੇ। ਉਨ੍ਹਾਂ ਨੇ ਸੀਰਮ ਇੰਸਟੀਚਿਊਟ ਨੂੰ ਸਹਾਇਤਾ ਦੇਣ ਲਈ ਸਰਕਾਰ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਕੰਪਨੀ ਕੋਵਿਸ਼ੀਲਡ ਦਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਮੰਗ ਪੂਰੀ ਕੀਤੀ ਜਾ ਸਕੇ। ਨਵੀਂ ਦਿੱਲੀ ਵਿੱਚ ਇਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਅਦਾਰ ਪੂਨਾਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਸਾਡੀ ਮਦਦ ਕਰ ਰਹੀ ਹੈ। ਅਸੀਂ ਸਹਿਯੋਗ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਕੋਈ ਵਿੱਤੀ ਸੰਕਟ ਨਹੀਂ ਹੈ। ਸਰਕਾਰ ਮਦਦ ਕਰ ਰਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਬੱਚਿਆਂ ਲਈ ਅਕਤੂਬਰ ਤੱਕ ਬਾਜ਼ਾਰ ਵਿੱਚ ਕੋਵੋਵੈਕਸ ਦਾ ਟੀਕਾ ਆ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬੱਚਿਆਂ ਲਈ ਕੋਵੋਵੈਕਸ ਅਕਤੂਬਰ ਵਿੱਚ ਸ਼ੁਰੂ ਹੋ ਜਾਵੇਗਾ ਅਤੇ ਇਹ ਡੀ.ਸੀ.ਜੀ.ਆਈ. ਦੀ ਮਨਜ਼ੂਰੀ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋ ਖੁਰਾਕਾਂ ਵਾਲਾ ਟੀਕਾ ਹੋਵੇਗਾ ਅਤੇ ਸ਼ੁਰੂ ਕਰਣ ਦੇ ਸਮੇਂ ਇਸ ਦੀ ਕੀਮਤ ਤੈਅ ਕੀਤੀ ਜਾਵੇਗੀ।

ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕਸਭਾ ਨੂੰ ਸੂਚਿਤ ਕੀਤਾ ਕਿ ਕੋਵਿਸ਼ੀਲਡ ਟੀਕੇ ਦੀ ਮਹੀਨਾਵਾਰ ਉਤਪਾਦਨ ਸਮਰੱਥਾ 11 ਕਰੋੜ ਖੁਰਾਕ ਤੋਂ ਵਧਾ ਕੇ 12 ਕਰੋੜ ਤੋਂ ਜ਼ਿਆਦਾ ਕਰਣ ਅਤੇ ਕੋਵੋਵੈਕਸੀਨ ਦੀ ਸਮਰੱਥਾ ਹਰ ਮਹੀਨੇ ਢਾਈ ਕਰੋੜ ਖੁਰਾਕ ਤੋਂ ਵਧਾ ਕੇ ਕਰੀਬ 5.8 ਕਰੋੜ ਕਰਣ ਦੀ ਯੋਜਨਾ ਹੈ। ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਲੋਕਸਭਾ ਨੂੰ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਰਾਸ਼ਟਰੀ ਕੋਵਿਡ-19 ਟੀਕਾਕਰਣ ਪ੍ਰੋਗਰਾਮ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ 16 ਜਨਵਰੀ ਤੋਂ 5 ਅਗਸਤ ਤੱਕ ਕੋਵਿਸ਼ੀਲਡ ਦੀ 44.42 ਕਰੋੜ ਖੁਰਾਕਾਂ ਦੀ ਸਪਲਾਈ ਕੀਤੀ, ਉਥੇ ਹੀ ਭਾਰਤ ਬਾਇਓਟੈਕ ਨੇ ਕੋਵੋਵੈਕਸੀਨ ਦੀ 6.82 ਕਰੋੜ ਖੁਰਾਕਾਂ ਦੀ ਸਪਲਾਈ ਕੀਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati