26 ਜਨਵਰੀ ਨੂੰ ਲਾਲ ਕਿਲ੍ਹੇ ਦੇ ਗੁੰਬਦ 'ਤੇ ਚੜ੍ਹਨ ਵਾਲਾ ਨੌਜਵਾਨ ਜਸਪ੍ਰੀਤ ਸਿੰਘ ਗ੍ਰਿਫ਼ਤਾਰ

02/22/2021 7:41:30 PM

ਨਵੀਂ ਦਿੱਲੀ - ਦਿੱਲੀ ਵਿੱਚ 26 ਜਨਵਰੀ ਨੂੰ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਹੱਥ ਇੱਕ ਹੋਰ ਦੋਸ਼ੀ ਲੱਗਾ ਹੈ। ਪੁਲਸ ਨੇ ਜਸਪ੍ਰੀਤ ਸਿੰਘ ਉਰਫ ਸੰਨੀ ਨਾਮ ਦੇ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਏ ਹਿੰਸਾ ਵਿੱਚ ਸ਼ਾਮਲ ਰਿਹਾ ਹੈ। ਉਹ ਲਾਲ ਕਿਲ੍ਹੇ ਦੇ ਗੁੰਬਦ 'ਤੇ ਚੜ੍ਹਿਆ ਸੀ।

ਮਿਲੀ ਜਾਣਕਾਰੀ ਮੁਤਾਬਕ, ਜਸਪ੍ਰੀਤ ਸਿੰਘ ਉਰਫ ਸੰਨੀ (29 ਸਾਲ) ਦਿੱਲੀ ਦੇ ਸਵਰੁਪ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਪੁਲਸ ਵੱਲੋਂ ਜਾਰੀ ਇੱਕ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ ਕਿ ਜਸਪ੍ਰੀਤ ਸਿੰਘ  ਲਾਲ ਕਿਲ੍ਹਾ ਹਿੰਸਾ ਦੇ ਮੁੱਖ ਦੋਸ਼ੀਆਂ ਵਿੱਚ ਸ਼ਾਮਲ ਮਨਿੰਦਰ ਸਿੰਘ ਉਰਫ ਮੋਨੀ ਦੇ ਪਿੱਛੇ ਗੁੰਬਦ 'ਤੇ ਖੜਾ ਵਿਖਾਈ ਦੇ ਰਿਹਾ ਹੈ। ਮਨਿੰਦਰ ਸਿੰਘ ਉਰਫ ਮੋਨੀ ਨੇ ਲਾਲ ਕਿਲ੍ਹੇ 'ਤੇ ਤਲਵਾਰ ਲਹਿਰਾਈ ਸੀ। ਪੁਲਸ ਦਾ ਕਹਿਣਾ ਹੈ ਕਿ ਜਸਪ੍ਰੀਤ ਸਿੰਘ ਹਿੰਸਾ ਦੌਰਾਨ ਗ਼ਲਤ ਇਸ਼ਾਰੇ ਕਰਦੇ ਵੀ ਵਿਖਾਈ ਦਿੱਤਾ ਸੀ।

ਫਿਲਹਾਲ ਦੋਸ਼ੀ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਿੰਸਾ ਦੌਰਾਨ ਹੋਰ ਕਿੰਨੇ ਲੋਕ ਸ਼ਾਮਲ ਸਨ ਜੋ ਜਸਪ੍ਰੀਤ ਦੇ ਜਾਣਕਾਰ ਹਨ। ਦੱਸ ਦਈਏ ਕਿ ਇਸ ਮਾਮਲੇ ਵਿੱਚ ਦੀਪ ਸਿੱਧੂ ਅਤੇ ਮਨਿੰਦਰ ਸਿੰਘ ਉਰਫ ਮੋਨੀ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਲੋਕਾਂ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਪੁਲਸ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati