ਸੋਲਨ ’ਚ ਦਰਦਨਾਕ ਹਾਦਸਾ; ਪੁਲ ਤੋਂ ਹੇਠਾਂ ਡਿੱਗੀ ਕਾਰ, ਭੈਣ-ਭਰਾ ਦੀ ਮੌਕੇ ’ਤੇ ਮੌਤ

03/09/2022 5:31:06 PM

ਸ਼ਿਮਲਾ- ਸੋਲਨ ਕੁਨਿਹਾਰ ਰੋਡ 'ਤੇ ਇਕ ਕਾਰ ਬੇਕਾਬੂ ਹੋ ਕੇ ਗੰਬਰ ਨਦੀ 'ਚ ਜਾ ਡਿੱਗੀ। ਇਸ ਹਾਦਸੇ ’ਚ ਗੱਡੀ ਵਿਚ ਸਵਾਰ ਇਕ ਨੌਜਵਾਨ ਅਤੇ ਇਕ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਨੌਜਵਾਨ ਅਤੇ ਕੁੜੀ ਆਪਣੀ ਦਾਦੀ ਦੇ ਅੰਤਿਮ ਸੰਸਕਾਰ 'ਤੇ ਜਾ ਰਹੇ ਸਨ। ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕ ਭੈਣ-ਭਰਾ ਸਨ। ਆਪਣੀ ਦਾਦੀ ਦੀ ਮੌਤ ਤੋਂ ਬਾਅਦ ਉਹ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਆਪਣੇ ਘਰ ਦਾਰਲਾਘਾਟ ਜਾ ਰਹੇ ਸਨ।

ਦੱਸ ਦੇਈਏ ਕਿ ਬੀਤੇ ਦਿਨ ਉਨ੍ਹਾਂ ਦੀ ਦਾਦੀ ਦਾ ਦੇਹਾਂਤ ਹੋ ਗਿਆ ਸੀ। ਅੱਜ ਸਵੇਰੇ ਉਸ ਦੀ ਦਾਦੀ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਦਾਰਲਾਘਾਟ ਲਿਆਂਦਾ ਗਿਆ।ਦੋਵੇਂ ਬੱਚੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਦਾਰਲਾਘਾਟ ਸਥਿਤ ਆਪਣੇ ਘਰ ਜਾ ਰਹੇ ਸਨ ਕਿ ਦੁਪਹਿਰ ਕਰੀਬ 1 ਵਜੇ ਅਚਾਨਕ ਕਾਰ ਗੰਬਰ ਪੁਲ 'ਤੇ ਪਲਟ ਗਈ। ਜਿਸ ਕਾਰਨ ਕਾਰ ਸਵਾਰ ਦੋਹਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲਿਆ। ਪੁਲਸ ਮੁਤਾਬਕ ਹਾਦਸੇ ’ਚ  ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

Tanu

This news is Content Editor Tanu