ਮੁੱਖ ਸਕੱਤਰ ਥੱਪੜਕਾਂਡ 'ਤੇ 'ਆਪ' ਵਿਧਾਇਕ ਦਾ ਵਿਵਾਦਪੂਰਨ ਬਿਆਨ

02/23/2018 5:29:21 PM

ਨਵੀਂ ਦਿੱਲੀ— ਸੀ.ਐੱਮ. ਹਊਸ 'ਚ ਦਿੱਲੀ ਦੇ ਮੁੱਖ ਸਕੱਤਰ ਨਾਲ ਕਥਿਤ ਬਦਸਲੂਕੀ ਅਤੇ ਕੁੱਟਮਾਰ ਦੇ ਮਾਲਮੇ ਨੂੰ ਲੈ ਕੇ ਪਹਿਲਾਂ ਹੀ ਕੇਜਰੀਵਾਲ ਸਰਕਾਰ ਅਤੇ ਅਫਸਰਸ਼ਾਹੀ ਦਰਮਿਆਨ ਠਨੀ ਹੋਈ ਹੈ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲੀਆਨ ਦਾ ਅਜਿਹਾ ਬਿਆਨ ਆਇਆ ਹੈ, ਜਿਸ ਨਾਲ ਮਾਮਲਾ ਹੋਰ ਤੂਲ ਫੜ ਸਕਦਾ ਹੈ। ਦਿੱਲੀ ਦੇ ਉੱਤਮ ਨਗਰ ਇਲਾਕੇ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਬਾਲੀਆਨ ਨੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੀਤੇ ਗਏ ਸਲੂਕ ਨੂੰ ਸਹੀ ਠਹਿਰਾਉਂਦੇ ਹੋਏ ਅਧਿਕਾਰੀਆਂ ਨੂੰ ਠੋਕਣ ਦੀ ਗੱਲ ਕਹੀ। ਭੀੜ ਨੂੰ ਸੰਬੋਧਨ ਕਰਦੇ ਹੋਏ ਨਰੇਸ਼ ਬਾਲੀਆਨ ਨੇ ਕਿਹਾ,''ਜੋ ਚੀਫ ਸੈਕ੍ਰੇਟਰੀ ਨਾਲ ਹੋਇਆ, ਜੋ ਉਨ੍ਹਾਂ ਨੇ ਝੂਠਾ ਦੋਸ਼ ਲਗਾਇਆ, ਮੈਂ ਤਾਂ ਕਹਿ ਰਿਹਾ ਹਾਂ ਕਿ ਅਜਿਹੇ ਅਧਿਕਾਰੀਆਂ ਨੂੰ ਠੋਕਣਾ ਚਾਹੀਦਾ। ਜੋ ਆਮ ਆਦਮੀ ਦੇ ਕੰਮ ਰੋਕ ਕੇ ਬੈਠੇ ਹਨ, ਅਜਿਹੇ ਅਧਿਕਾਰੀਆਂ ਨਾਲ ਇਹੀ ਸਲੂਕ ਹੋਣਾ ਚਾਹੀਦਾ।'' ਦੂਜੇ ਪਾਸੇ ਕੁੱਟਮਾਰ ਦੇ ਇਸ ਮਾਮਲੇ 'ਚ 2 ਵਿਧਾਇਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਨੂੰ ਖੰਗਾਲਿਆ ਗਿਆ। ਇਸ ਦੌਰਾਨ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਜ਼ਬਤ ਕੀਤੇ ਗਏ।
ਪੁਲਸ ਜਾਂਚ 'ਚ ਜੋ ਸਭ ਤੋਂ ਅਹਿਮ ਗੱਲ ਸਾਹਮਣੇ ਆਈ ਹੈ ਉਹ ਹੈ ਸੀ.ਸੀ.ਟੀ.ਵੀ. ਕੈਮਰਿਆਂ ਦਾ 40 ਮਿੰਟ ਪਿੱਛੇ ਹੋਣਾ। ਸੀ.ਐੱਮ. ਹਾਊਸ 'ਚ ਮੌਜੂਦ 21 'ਚੋਂ ਸਿਰਫ 14 ਕੈਮਰੇ ਚੱਲ ਰਹੇ ਸਨ। ਦੂਜੇ ਪਾਸੇ ਦਿੱਲੀ ਸਰਕਾਰ ਨਾਲ ਕੰਮ ਕਰਨ ਵਾਲੇ ਆਈ.ਏ.ਐੱਸ. ਅਫ਼ਸਰਾਂ ਦੀ ਐਸੋਸੀਏਸ਼ਨ ਨੇ ਪੀ.ਐੱਮ.ਓ. 'ਚ ਰਾਜ ਮੰਤਰੀ ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਹੈ ਕਿ ਦਿੱਲੀ ਸਰਕਾਰ ਉਨ੍ਹਾਂ ਤੋਂ ਧਮਕਾ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਮੁਲਾਕਾਤ ਤੋਂ ਬਾਅਦ ਜਿਤੇਂਦਰ ਸਿੰਘ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਫ਼ਸਰਾਂ ਨੂੰ ਡਰ ਮੁਕਤ ਹੋ ਕੇ ਕੰਮ ਕਰਨ ਨੂੰ ਕਿਹਾ ਗਿਆ ਹੈ।