ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਹੋਣ ''ਤੇ ਬੋਲੇ ਕੇਜਰੀਵਾਲ- ਹੋਰ ਪਾਰਟੀਆਂ ਦੀ ਤਰ੍ਹਾਂ ਝੂਠੇ ਵਾਅਦੇ ਨਹੀਂ ਕਰਦੀ ''ਆਪ''

04/16/2022 5:28:48 PM

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ 'ਚ 'ਆਪ' ਨੇ ਮੁਫ਼ਤ ਬਿਜਲੀ ਦਾ ਆਪਣਾ ਪਹਿਲਾ ਚੋਣਾਵੀ ਵਾਅਦਾ ਪੂਰਾ ਕਰ ਦਿੱਤਾ ਹੈ, ਕਿਉਂਕਿ ਉਹ ਹੋਰ ਪਾਰਟੀਆਂ ਦੀ ਤਰ੍ਹਾਂ ਝੂਠੇ ਵਾਅਦੇ ਨਹੀਂ ਕਰਦੀ ਹੈ। ਕੇਜਰੀਵਾਲ ਨੇ ਟਵਿੱਟਰ 'ਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ ਉਸ ਨੂੰ ਤਰੱਕੀ ਦੇ ਰਸਤੇ ਲਿਆ ਕੇ ਪੈਸੇ ਬਚਾਏਗੀ। ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ,''ਅਸੀਂ ਆਪਣਾ ਪਹਿਲਾ ਵਾਅਦਾ ਪੂਰਾ ਕੀਤਾ। ਅਸੀਂ ਜੋ ਕਹਿੰਦੇ ਹਾਂ, ਕਰਦੇ ਹਾਂ। ਦੂਜੀਆਂ ਪਾਰਟੀਆਂ ਦੀ ਤਰ੍ਹਾਂ ਝੂਠੇ ਵਾਅਦੇ ਨਹੀਂ ਕਰਦੇ। ਹੁਣ ਸਾਫ਼ ਨੀਅਤ ਵਾਲੀ ਈਮਾਨਦਾਰ, ਦੇਸ਼ਭਗਤ ਸਰਕਾਰ ਆ ਗਈ ਹੈ। ਭ੍ਰਿਸ਼ਟਾਚਾਰ ਖ਼ਤਮ ਕਰ ਕੇ ਪੈਸੇ ਬਚਾਵਾਂਗੇ। ਪੰਜਾਬ ਦੀ ਤਰੱਕੀ 'ਚ ਪੈਸਿਆਂ ਦੀ ਕਮੀ ਨਹੀਂ ਹੋਣ ਦੇਵਾਂਗੇ।''

ਇਸ ਤੋਂ ਪਹਿਲਾਂ ਦਿਨ 'ਚ ਭਗਵੰਤ ਮਾਨ ਨੇ ਇਕ ਜੁਲਾਈ ਤੋਂ ਸੂਬੇ ਦੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ। ਚੰਡੀਗੜ੍ਹ 'ਚ ਇਕ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਕਿਹਾ ਕਿ ਉਦਯੋਗਿਕ ਉਪਭੋਗਤਾਵਾਂ ਲਈ ਬਿਜਲੀ ਦਰਾਂ 'ਚ ਕੋਈ ਵਾਧਾ ਨਹੀਂ ਹੋਵੇਗਾ, ਜਦੋਂ ਕਿ ਖੇਤੀਬਾੜੀ ਭਾਈਚਾਰੇ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ। ਸੂਬੇ ਦੇ ਸੂਚਨਾ ਅਤੇ ਜਨਸੰਪਰਕ ਵਿਭਾਗ ਨੇ ਸ਼ਨੀਵਾਰ ਸਵੇਰੇ ਆਏ ਵੱਖ-ਵੱਖ ਸਮਾਚਾਰ ਪੱਤਰਾਂ 'ਚ ਐਲਾਨ ਦਾ ਵਿਗਿਆਪਨ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੁਫ਼ਤ ਬਿਜਲੀ ਆਮ ਆਦਮੀ ਦੇ ਮੁੱਖ ਚੋਣਾਵੀ ਵਾਅਦਿਆਂ 'ਚੋਂ ਇਕ ਸੀ ਅਤੇ ਇਸ ਦਾ ਐਲਾਨ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਪਿਛਲੇ ਸਾਲ ਜੂਨ 'ਚ ਕੀਤਾ ਸੀ।

DIsha

This news is Content Editor DIsha