''ਆਪ'' ਵਿਚ ਘਮਾਸਾਨ : ਦਿਲੀਪ ਪਾਂਡੇ ਨੇ ਕੁਮਾਰ ਵਿਸ਼ਵਾਸ ''ਤੇ ਵਿੰਨ੍ਹਿਆ ਨਿਸ਼ਾਨਾ

06/15/2017 2:33:22 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ 'ਤੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਹਮਲੇ ਵਧਦੇ ਜਾ ਰਹੇ ਹਨ। ਵਿਸ਼ਵਾਸ 'ਤੇ ਤਾਜ਼ਾ ਹਮਲਾ 'ਆਪ' ਦੀ ਦਿੱਲੀ ਇਕਾਈ ਦੇ ਸਾਬਕਾ ਕਨਵੀਨਰ ਦਿਲੀਪ ਪਾਂਡੇ ਨੇ ਕੀਤਾ ਹੈ। ਪਾਂਡੇ ਨੇ ਵਿਸ਼ਵਾਸ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦੇ ਹੋਏ ਸਿਰਫ ਕਾਂਗਰਸ ਨੂੰ ਹੀ ਆਪਣੇ ਨਿਸ਼ਾਨੇ 'ਤੇ ਲੈਣ ਬਾਰੇ ਉਨ੍ਹਾਂ ਕੋਲੋਂ ਪੁੱਛਿਆ ਹੈ।
ਪਾਂਡੇ ਨੇ ਟਵੀਟ ਕਰ ਕੇ ਵਿਸ਼ਵਾਸ ਕੋਲੋਂ ਪੁੱਛਿਆ ਕਿ ਉਹ ਭਾਜਪਾ ਦੇ ਵਿਰੁੱਧ ਕਿਉਂ ਕੁੱਝ ਨਹੀਂ ਬੋਲਦੇ। ਪਿਛਲੇ ਕੁੱਝ ਸਮੇਂ ਤੋਂ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ ਚਲ ਰਹੇ ਵਿਸ਼ਵਾਸ ਨੂੰ ਹਾਲ ਹੀ 'ਚ 'ਆਪ' ਦੀ ਰਾਜਸਥਾਨ ਇਕਾਈ ਦਾ ਇੰਚਾਰਜ ਬਣਾ ਕੇ ਸੂਬੇ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਕਮਾਨ ਸੌਂਪੀ ਗਈ ਹੈ। ਹਾਲਾਂਕਿ ਇਸਦੇ ਬਾਅਦ ਵੀ ਵਿਸ਼ਵਾਸ ਦੇ ਵਿਰੁੱਧ ਪਾਰਟੀ ਦੇ ਅੰਦਰ ਵੀ ਨਾਰਾਜ਼ਗੀ ਦੇ ਸੁਰ ਉੱਭਰਦੇ ਰਹੇ ਹਨ।
ਪਾਂਡੇ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਲਿਖਿਆ, ''ਭਰਾ, ਤੁਸੀਂ ਕਾਂਗਰਸੀਆਂ ਨੂੰ ਖੂਬ ਗਾਲ੍ਹਾਂ ਕੱਢਦੇ ਹੋ ਪਰ ਕਹਿੰਦੇ ਹੋ ਕਿ ਰਾਜਸਥਾਨ 'ਚ ਵਸੁੰਧਰਾ ਦੇ ਵਿਰੁੱਧ ਨਹੀਂ ਬੋਲਾਂਗੇ, ਅਜਿਹਾ ਕਿਉਂ?''
ਕੁਮਾਰ ਵਿਸ਼ਵਾਸ ਨੇ ਪਿਛਲੇ ਦਿਨੀਂ ਦਿੱਲੀ 'ਚ ਰਾਜਸਥਾਨ ਦੇ ਅਹੁਦੇਦਾਰਾਂ ਦੀ ਬੈਠਕ ਸੱਦੀ ਸੀ। ਇਸ ਬੈਠਕ ਵਿਚ ਸਪੱਸ਼ਟ ਕਰ ਦਿੱਤਾ ਸੀ ਕਿ ਰਾਜਸਥਾਨ 'ਚ ਪਾਰਟੀ ਦੇ ਕਿਸੇ ਵੱਡੇ ਆਗੂ ਦੀ ਤਸਵੀਰ ਨਹੀਂ ਲਗਾਈ ਜਾਵੇਗੀ। ਕੁਮਾਰ ਵਿਸ਼ਵਾਸ ਨੇ ਇਸ਼ਾਰਿਆਂ 'ਚ ਰਾਜਸਥਾਨ ਦੀ ਇਕਾਈ ਨੂੰ ਪਾਰਟੀ ਦੇ ਮੂਲ ਸਿਧਾਂਤਾਂ 'ਤੇ ਪਰਤਣ ਲਈ ਕਿਹਾ ਸੀ। ਉਨ੍ਹਾਂ ਨੇ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਵਸੁੰਧਰਾ ਰਾਜੇ ਸਮੇਤ ਕਿਸੇ ਵੀ ਆਗੂ 'ਤੇ ਟਿੱਪਣੀ ਨਾ ਕਰਨ ਲਈ ਕਿਹਾ ਸੀ।