ਅਮਾਨਤੁੱਲਾ ਦੀ ਵਾਪਸੀ ਨੂੰ ਲੈ ਕੇ ''ਆਪ'' ਅਤੇ ਵਿਸ਼ਵਾਸ ਦਰਮਿਆਨ ਛਿੜੀ ਜੰਗ

10/30/2017 5:30:59 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਨੇ ਓਖਲਾ ਤੋਂ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦਾ ਮੁਅੱਤਲ ਰੱਦ ਕਰ ਦਿੱਤਾ ਹੈ। ਪਾਰਟੀ ਦੇ ਇਸ ਫੈਸਲੇ ਤੋਂ ਬਾਅਦ ਕੁਮਾਰ ਵਿਸ਼ਵਾਸ ਭੜਕੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਮਾਨਤੁੱਲਾ ਸਿਰਫ ਇਕ ਮੁਖੌਟਾ ਹੈ, ਮੈਂ ਨਿੰਮ ਦੀ ਤਰ੍ਹਾਂ ਕੌੜੀ ਦਵਾਈ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਬੈਕ ਟੂ ਬੇਸਿਕ ਦਾ ਨਾਅਰਾ ਦਿੱਤਾ ਸੀ ਪਰ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ ਹੈ। ਵਿਸ਼ਵਾਸ ਨੇ ਪਾਰਟੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਸਿਆਸੀ ਸਾਈਡ ਲਾਈਨ ਦੀ ਪਰੰਪਰਾ ਪੁਰਾਣੀ ਹੈ, ਪਹਿਲਾਂ ਮਯੰਕ ਗਾਂਧੀ ਅਤੇ ਅੰਜਲੀ ਦਮਾਨੀਆ ਨਾਲ ਵੀ ਅਜਿਹਾ ਹੀ ਹੋਇਆ ਸੀ। 'ਆਪ' ਨੇਤਾ ਨੇ ਕਿਹਾ ਕਿ ਮੇਰੇ ਲਈ ਅਮਾਨਤੁੱਲਾ ਜਾਂ ਰਾਜ ਸਭਾ ਮੁੱਦਾ ਨਹੀਂ ਹੈ ਕਈ ਰਾਸ਼ਟਰਹਿੱਤ ਦੇ ਮੁੱਦਿਆਂ 'ਤੇ ਮੈਂ ਪਾਰਟੀ ਨੂੰ ਇਕੱਲਾ ਪੈ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਦਰਵਾਜ਼ੇ ਤੋਂ ਰਾਜ ਸਭਾ ਦੀਆਂ ਕਈਆਂ ਸੀਟਾਂ ਵਾਪਸ ਗਈਆਂ ਹਨ, ਦੂਜੀ ਪਾਰਟੀ ਤੋਂ ਆਏ ਲੋਕਾਂ ਕਾਰਨ ਅਸੀਂ ਵੀ ਭਾਜਪਾ ਅਤੇ ਕਾਂਗਰਸ ਦੀ ਤਰ੍ਹਾਂ ਬਣ ਰਹੇ ਹਨ। ਸਾਨੂੰ ਪਿੱਛੇ ਮੁੜ ਕੇ ਦੇਖਣਾ ਹੋਵੇਗਾ, ਮੇਰੇ ਉੱਪਰ ਨਿੱਜੀ ਹਮਲਿਆਂ ਨਾਲ ਕੁਝ ਨਹੀਂ ਹੋਵੇਗਾ।
ਉੱਥੇ ਹੀ ਅਮਾਨਤੁੱਲਾ ਖਾਨ ਦਾ ਮੁਅੱਤਲ ਖਤਮ ਹੋਣ 'ਤੇ 'ਆਪ' ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਸੋਮਵਾਰ ਨੂੰ ਕਈ ਟਵੀਟ ਕਰ ਕੇ ਸ਼੍ਰੀ ਖਾਨ ਦੇ ਮੁਅੱਤਲ ਨੂੰ ਰੱਦ ਕੀਤੇ ਜਾਣ ਨੂੰ ਲੈ ਕੇ ਨਿਸ਼ਾਨਾ ਸਾਧਿਆ। ਪਾਰਟੀ ਦੇ ਸੀਨੀਅਰ ਨੇਤਾ ਕੁਮਾਰ ਵਿਸ਼ਵਾਸ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਲਈ ਕੰਮ ਕਰਨ ਦਾ ਦੋਸ਼ ਲਾਉਣ 'ਤੇ ਪਾਰਟੀ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਸ਼੍ਰੀ ਖਾਨ ਨੂੰ ਤਿੰਨ ਮਈ ਨੂੰ ਪਾਰਟੀ ਦੀ ਮੈਂਬਰਤਾ ਤੋਂ ਮੁਅੱਤਲ ਕਰ ਦਿੱਤਾ ਸੀ। ਸ਼੍ਰੀ ਮਿਸ਼ਰਾ ਨੇ ਟਵੀਟ 'ਚ ਲਿਖਿਆ,''ਕੇਜਰੀਵਾਲ ਬਾਰੇ ਸੱਚ ਬੋਲੋ ਤਾਂ ਸਜ਼ਾ, ਕੁਮਾਰ ਬਾਰੇ ਝੂਠ ਬੋਲੋ ਤਾਂ ਮਜ਼ਾ। ਕੀ ਅਮਾਨਤੁੱਲਾ 'ਤੇ ਬਣੀ 3 ਮੈਂਬਰੀ ਕਮੇਟੀ ਦੀ ਰਿਪੋਰਟ ਜਨਤਕ ਕੀਤੀ ਜਾਵੇਗੀ।'' ਜ਼ਿਕਰਯੋਗ ਹੈ ਕਿ ਸ਼੍ਰੀ ਮਿਸ਼ਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿਹਤ ਮੰਤਰੀ ਸਤੇਂਦਰ ਜੈਨ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੇਜਰੀਵਾਲ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਸੀ।