''ਆਪ'' ਦੀ ਹਿਸਾਰ ਰੈਲੀ ਦੀ ਖੁੱਲ੍ਹੀ ਪੋਲ, ਭੋਜਨ ਤੇ ਪੈਸਿਆਂ ਦਾ ਲਾਲਚ ਦੇ ਕੇ ਇਕੱਠੀ ਕੀਤੀ ਭੀੜ

03/26/2018 12:36:19 PM

ਹਿਸਾਰ — ਹਰਿਆਣੇ ਦੇ ਹਿਸਾਰ 'ਚ ਆਮ ਆਦਮੀ ਪਾਰਟੀ ਦੀ ਹਰਿਆਣਾ ਬਚਾਓ ਰੈਲੀ ਦੀ ਪੋਲ ਖੁੱਲਣੀ ਸ਼ੁਰੂ ਹੋ ਗਈ ਹੈ। ਰੈਲੀ ਵਿਚ ਭੀੜ ਇਕੱਠੀ ਕਰਨ ਲਈ ਮਜ਼ਦੂਰਾਂ ਨੂੰ ਭੋਜਨ ਅਤੇ ਪੈਸਿਆਂ ਦਾ ਲਾਲਚ ਦਿੱਤਾ ਗਿਆ ਸੀ। ਆਮ ਆਦਮੀ ਪਾਰਟੀ ਦੀ ਹਿਸਾਰ ਵਿਚ ਹੋਈ ਰੈਲੀ 'ਚ ਬਹਾਦੁਰਗੜ੍ਹ ਤੋਂ 100 ਤੋਂ ਵਧ ਮਜ਼ਦੂਰ ਪਹੁੰਚੇ ਸਨ। ਇਨ੍ਹਾਂ ਮਜ਼ਦੂਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਪ੍ਰਤੀ ਵਿਅਕਤੀ 350 ਰੁਪਏ ਅਤੇ ਭੋਜਨ ਦੇਣ ਬਾਰੇ ਕਹਿ ਕੇ ਦੋ ਬੱਸਾਂ ਵਿਚ ਭਰ ਕੇ ਹਿਸਾਰ ਲਿਆਉਂਦਾ ਗਿਆ ਸੀ, ਪਰ ਨਾ ਤਾਂ ਉਨ੍ਹਾਂ ਨੂੰ ਮਜ਼ਦੂਰੀ ਦਿੱਤੀ ਗਈ ਅਤੇ ਨਾ ਹੀ ਭੋਜਨ ਦਿੱਤਾ ਗਿਆ।


ਇੰਨ੍ਹਾਂ ਮਜ਼ਦੂਰਾਂ ਨੇ ਅਰਵਿੰਦ ਕੇਜਰੀਵਾਲ, ਗੋਪਾਲ ਰਾਏ, ਨਵੀਨ ਜੈਹਿੰਦ ਅਤੇ ਅਸ਼ਵਨੀ ਦੇਸ਼ਵਾਲ ਦੀ ਫੋਟੋ ਲੱਗੀ ਟੀ-ਸ਼ਰਟ ਵੀ ਪਾਈ ਹੋਈ ਸੀ। ਇਨ੍ਹਾਂ ਮਜ਼ਦੂਰਾਂ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ।
ਇਕ ਮਜ਼ਦੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੀਪਕ ਨਾਮ ਦਾ ਕਾਰਜਕਰਤਾ 350 ਰੁਪਏ ਅਤੇ ਭੋਜਨ ਦੇਣ ਬਾਰੇ ਕਹਿ, ਲੈ ਕੇ ਆਇਆ ਸੀ, ਪਰ ਰੈਲੀ ਤੋਂ ਬਾਅਦ ਦੀਪਕ ਉਨ੍ਹਾਂ ਨੂੰ ਦੌਬਾਰਾ ਨਹੀਂ ਮਿਲਿਆ। ਹਾਲਾਂਕਿ ਜਦੋਂ ਕੁਝ ਮੀਡੀਆ ਕਰਮਚਾਰੀਆਂ ਨੇ ਦੀਪਕ ਕੋਲੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਭੋਜਨ ਸਭ ਨੂੰ ਦਿੱਤਾ ਗਿਆ ਹੈ ਅਤੇ ਪੈਸਿਆਂ ਦੀ ਕੋਈ ਗੱਲ ਨਹੀਂ ਹੋਈ ਸੀ। ਇਨ੍ਹਾਂ ਮਜ਼ਦੂਰਾਂ ਵਿਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਸਨ।


ਲੋਕਾਂ ਵਲੋਂ ਪਹਿਣੀ ਗਈ ਟੀ-ਸ਼ਰਟ 'ਚ ਪਾਰਟੀ ਦੇ ਰੋਹਤਕ ਲੋਕ ਸਭਾ ਪ੍ਰਧਾਨ ਅਸ਼ਵਨੀ ਦੇਸ਼ਵਾਲ ਦੀ ਫੋਟੋ ਵੀ ਹੈ। ਅਜਿਹੇ 'ਚ ਅਸ਼ਵਨੀ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਮਾਮਲੇ ਦਾ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਅਸ਼ਵਨੀ ਨੇ ਸਫ਼ਾਈ ਦਿੱਤੀ ਕਿ ਇਨ੍ਹਾਂ ਮਜ਼ਦੂਰਾਂ ਨੂੰ ਉਸਨੇ ਭਾੜੇ 'ਤੇ ਨਹੀਂ ਲਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਰਸਤੇ ਵਿਚ ਮਹਿਨਤਾਨਾ ਦੇਣ ਦੀ ਗੱਲ ਕਹਿ ਕੇ ਬੱਸਾਂ ਵਿਚ ਸਵਾਰ ਕਰਕੇ ਰਵਾਨਾ ਕੀਤਾ ਗਿਆ।