ਬਲਿਊ ਵ੍ਹੇਲ ਦੇ ਜਾਲ ''ਚ ਫਸੇ ਨੌਜਵਾਨ ਨੇ ਦਿਖਾਈ ਸਮਝਦਾਰੀ, ਮੋਬਾਇਲ ਫਾਰਮੇਟ ਕਰ ਕੇ ਬਚਾਈ ਜਾਨ

09/25/2017 4:00:48 PM

ਬੈਤੂਲ— ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ 'ਚ ਇਕ ਨੌਜਵਾਨ ਨੇ ਜਾਨਲੇਵਾ ਬਲਿਊ ਵ੍ਹੇਲ ਗੇਮ ਦੇ ਜਾਲ 'ਚ ਫਸਣ ਪਰ ਸਮਝਦਾਰੀ ਨਾਲ ਇਸ ਤੋਂ ਵੱਖ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਥਾਖੇੜਾ ਦਾ ਓਮਪ੍ਰਕਾਸ਼ ਨਾਂ ਦਾ ਇਹ ਨੌਜਵਾਨ ਇਸ ਗੇਮ ਦੀ ਸੱਚਾਈ ਜਾਣਨ ਲਈ ਇਸ ਦੇ ਜਾਲ 'ਚ ਫਸਿਆ ਸੀ। ਐਡਮਿਨ ਦੇ ਦੱਸੇ ਨਿਰਦੇਸ਼ਾਂ ਦੀ ਪਾਲਣਾ ਉਸ ਨੇ 7ਵੀਂ ਸਟੇਜ ਤੱਕ ਕੀਤੀ ਪਰ ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਦੇ ਮਾਰੇ ਜਾਣ ਦੀਆਂ ਧਮਕੀਆਂ ਦੇ ਬਾਵਜੂਦ ਖੁਦ ਨੂੰ ਗੇਮ ਤੋਂ ਵੱਖ ਕਰ ਦਿੱਤਾ। ਨੌਜਵਾਨ ਹੁਣ ਲੋਕਾਂ ਨੂੰ ਗੇਮ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ। ਪਾਥਾਖੇੜਾ ਦੇ ਸੁਭਾਸ਼ ਨਗਰ 'ਚ ਰਹਿਣ ਵਾਲੇ ਓਮਪ੍ਰਕਾਸ਼ ਚੌਹਾਨ (23) ਨੇ ਦੱਸਿਆ ਕਿ ਇਕ ਦਿਨ ਉਸ ਦੇ ਫੇਸਬੁੱਕ ਅਕਾਊਂਟ 'ਤੇ ਇਸ ਗੇਮ ਦਾ ਲਿੰਕ ਆਇਆ। ਕਲਿੱਕ ਕਰਨ 'ਤੇ ਉਹ ਇੰਸਟਾਲ ਹੋ ਗਿਆ ਅਤੇ ਉਸ ਦਾ ਮੋਬਾਇਲ ਇਸ ਨਾਲ ਜੁੜ ਗਿਆ। ਉਹ ਸਕਾਈਪ ਚੈੱਟ 'ਤੇ ਇਕ ਗਰੁੱਪ ਨਾਲ ਜੁੜ ਗਿਆ।
ਅਗਲੇ ਦਿਨ ਉਸ ਨੂੰ ਇਸ ਗੇਮ 'ਚ ਐਂਟਰੀ ਦਾ ਕੋਡ ਮਿਲਿਆ। ਇਸ ਤੋਂ ਬਾਅਦ ਇਕ ਤੋਂ ਇਕ ਉਸ ਨੇ 7 ਸਟੈੱਪ ਪਾਰ ਕਰ ਲਏ। ਓਮਪ੍ਰਕਾਸ਼ ਅਨੁਸਾਰ ਇਸ ਗੇਮ 'ਚ ਐਡਮਿਨ ਦਿਮਾਗ ਅਤੇ ਮੋਬਾਇਲ ਦੋਹਾਂ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੈਂਦਾ ਹੈ। ਧਮਕੀ ਦੇ ਕੇ ਉਹ ਟਾਸਕ ਪੂਰਾ ਕਰਵਾਉਂਦਾ ਹੈ। ਇਸ ਲਈ ਇਸ ਗੇਮ ਤੋਂ ਦੂਰ ਰਹਿੰਦੇ ਹੋਏ ਇਸ ਦਾ ਲਿੰਕ ਤੱਕ ਓਪਨ ਨਹੀਂ ਕਰਨਾ ਚਾਹੀਦਾ। ਓਮਪ੍ਰਕਾਸ਼ ਅਨੁਸਾਰ ਉਹ ਸਿਰਫ ਇਸ ਨੂੰ ਅਜਮਾ ਰਿਹਾ ਸੀ ਪਰ ਐਡਮਿਨ ਨੇ ਮੋਬਾਇਲ ਹੈੱਕ ਕਰ ਕੇ ਘਰ ਦਾ ਪਤਾ ਅਤੇ ਨੰਬਰ ਤੱਕ ਜਾਣ ਲਿਆ। ਗੇਮ ਦੇ ਐਡਮਿਨ ਨੇ ਨੌਜਵਾਨ ਦੀ ਮਾਂ ਦਾ ਕਤਲ ਕਰਨ ਦੀ ਧਮਕੀ ਦੇ ਕੇ ਟਾਸਕ ਪੂਰਾ ਕਰਨ ਲਈ ਕਿਹਾ। ਹਾਲਾਂਕਿ ਮੋਬਾਇਲ ਫਾਰਮੇਟ ਕਰਨ ਤੋਂ ਬਾਅਦ ਹੁਣ ਉਸ ਕੋਲ ਕੋਈ ਫੋਨ ਨਹੀਂ ਆਇਆ।