ਰੋਹਤਾਂਗ ਘੁੰਮਣ ਜਾ ਰਹੇ ਯਾਤਰੀਆਂ ਨਾਲ ਹੋਇਆ ਭਿਆਨਕ ਹਾਦਸਾ, ਡੂੰਘੀ ਖੱਡ ''ਚ ਡਿੱਗੀ ਕਾਰ

06/20/2017 4:22:13 PM

ਮਨਾਲੀ— ਰੋਹਤਾਂਗ 'ਚ ਬਰਫ ਦਾ ਦੀਦਾਰ ਕਰਨ ਆ ਰਹੇ ਯਾਤਰੀਆਂ ਨਾਲ ਦਰਦਨਾਕ ਹਾਦਸਾ ਹੋ ਗਿਆ। ਜਿੱਥੇ ਰਾਹਨੀਨਾਲਾ ਨੇੜੇ ਯਾਤਰੀ ਵਾਹਨ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖੱਡ 'ਚ ਡਿੱਗ ਗਿਆ। ਵਾਹਨ ਦੇ ਡਿੱਗਣ ਨਾਲ ਚਾਲਕ ਸਮੇਤ ਮੁੰਬਈ ਦੇ 3 ਯਾਤਰੀ ਜ਼ਖਮੀ ਹੋ ਗਏ। ਵਾਹਨ ਨੂੰ ਡਿੱਗਦਾ ਦੇਖ ਪਿੱਛੇ ਤੋਂ ਆ ਰਹੇ ਵਾਹਨ ਚਾਲਕਾਂ ਨੇ ਆਪਣੇ ਵਾਹਨ ਸੜਕ ਕਿਨਾਰੇ ਖੜ੍ਹੇ ਕਰ ਘਟਨਾਸਥਾਨ 'ਤੇ ਪੁੱਜੇ ਅਤੇ ਜ਼ਖਮੀ ਯਾਤਰੀਆਂ ਨੂੰ ਸੁਰੱਖਿਅਤ ਸੜਕ ਤੱਕ ਪਹੁੰਚਾਇਆ। ਜ਼ਖਮੀ ਯਾਤਰੀਆਂ ਦੀ ਪਛਾਣ ਰਾਕੇਸ਼ ਬੌਦਗੇ ਪੁੱਤਰ ਪ੍ਰਕਾਸ਼ ਬੌਦਗੇ, ਪ੍ਰਜਾਗਤਾ ਬੌਦਗੇ ਪਤੀ ਰਾਕੇਸ਼ ਬੌਦਗੇ, ਅਧਰਵਾ ਬੌਦਗੇ ਪੁੱਤਰ ਰਾਕੇਸ਼ ਬੌਦਗੇ ਵਾਸੀ ਆਰ.ਓ ਕੁੰਜ ਸ਼ਿਵਾਨੀ ਨਗਰ ਡੇਂਪਰ ਪਹਾੜ ਰੋਡ ਮੰਦਰ ਵੇਸਟ 78 ਮੁੰਬਈ ਦੇ ਰੂਪ 'ਚ ਹੋਈ ਹੈ ਜਦਕਿ ਵਾਹਨ ਚਾਲਕ ਸਿਮਸਾ ਵਾਸੀ ਸੁਰਿੰਦਰ ਕੁਮਾਰ ਪੁੱਤਰ ਕੇਸ਼ਵ ਰਾਮ ਵੀ ਜ਼ਖਮੀ ਹੋ ਗਏ ਹਨ। 

 


ਦੱਸਿਆ ਜਾ ਰਿਹਾ ਹੈ ਕਿ ਜਿੱਥੋਂ ਤੋਂ ਵਾਹਨ ਡਿੱਗਿਆ ਹੈ, ਉਥੇ ਸੜਕ ਧੱਸਣ ਤੋਂ ਰੋਡ ਤੰਗ ਹੈ। ਯਾਤਰੀ ਵਾਹਨ ਬਰਫ ਦੇ ਉਪਰ ਤੋਂ ਫਿਸਲਦਾ ਹੋਇਆ ਹੇਠਾਂ ਵੱਲ ਜਾ ਡਿੱਗਿਆ। ਬਰਫ ਦੀ ਸਫੇਦ ਪਰਤ ਯਾਤਰੀਆਂ ਨੂੰ ਬਚਾਉਣ 'ਚ ਸਫਲ ਰਹੀ। ਖੱਡ ਡੂੰਘੀ ਸੀ ਪਰ ਖੱਡ 'ਚ ਬਰਫ ਦੇ ਢੇਰ ਲੱਗੇ ਹੋਣ ਨਾਲ ਯਾਤਰੀ ਬੱਚ ਗਏ। ਮੌਕੇ 'ਤੇ ਪੁੱਜੀ ਮਨਾਲੀ ਦੇ ਡੀ.ਐਸ.ਪੀ ਪੁਨੀਤ ਰਘੁ ਨੇ ਦੱਸਿਆ ਕਿ ਜ਼ਖਮੀਆਂ ਨੂੰ ਬਚਾਅ ਮੁਹਿੰਮ ਰਾਹੀਂ ਮਨਾਲੀ ਦੇ ਮਿਸ਼ਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਾਲੀ ਪ੍ਰਸ਼ਾਸਨ ਨੇ ਜ਼ਖਮੀ ਪਰਿਵਾਰ ਨੂੰ 5 ਹਜ਼ਾਰ ਰੁਪਏ ਦੀ ਰਕਮ ਰਾਹਤ ਦੇ ਰੂਪ 'ਚ ਦਿੱਤੀ ਹੈ।