ਸਕੂਲ ਜਾ ਰਹੇ ਅਧਿਆਪਕ ਦੀ ਗੋਲੀ ਮਾਰ ਕੇ ਕੀਤੀ ਹੱਤਿਆ

07/10/2018 10:11:14 AM

ਅੰਬਾਲਾ— ਹਰਿਆਣਾ ਦੇ ਅੰਬਾਲਾ ਜ਼ਿਲੇ ਦੇ ਨਾਰਾਇਣਗੜ੍ਹ ਨਾਲ ਲੱਗਦੇ ਬਾਕਰਪੁਰ ਪਿੰਡ 'ਚ ਅੱਜ ਸਵੇਰੇ ਸਕੂਲ ਜਾ ਰਹੇ ਅਧਿਆਪਕ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ 'ਸੈਸ਼ਨ ਜੱਜ' (40) ਸੀ। 
ਉਹ ਜ਼ਿਲੇ ਦੇ ਬੜਾਗਾਂਵ ਦੀ ਸਰਪੰਚ ਰੇਖਾ ਦਾ ਪਤੀ ਸੀ। ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ ਜਦੋਂ ਸੈਸ਼ਨ ਜੱਜ ਮੋਟਰਸਾਈਕਲ 'ਤੇ ਡਿਊਟੀ ਲਈ ਗਣੋਲੀਵਾਲਾ ਸਕੂਲ ਜਾ ਰਿਹਾ ਸੀ ਤੇ ਰਸਤੇ 'ਚ ਬਾਕਰਪੁਰ ਪਿੰਡ 'ਚ ਘਾਤ ਲਗਾ ਕੇ ਬੈਠੇ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਪਿੱਛਿਓਂ ਗੋਲੀ ਚਲਾ ਦਿੱਤੀ। ਗੋਲੀ ਪਿੱਠ 'ਚ ਲੱਗਦੇ ਹੀ ਉਹ ਮੋਟਰਸਾਈਕਲ ਸਮੇਤ ਸੜਕ ਨਾਲ ਲੱਗਦੇ ਝੋਨੇ ਦੇ ਖੇਤ 'ਚ ਡਿੱਗ ਪਿਆ। ਹਮਲਾਵਰ ਇਸ ਦੇ ਮਗਰੋਂ ਉਸ ਨੂੰ ਗੋਲੀਆਂ ਨਾਲ ਛਲਣੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ।
ਅਧਿਆਪਕ ਦੀ ਮੌਕੇ 'ਤੇ ਹੀ ਮੌਤ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਨਾਰਾਇਣਗੜ੍ਹ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਈ ਪਰ ਪਰਿਵਾਰਕ ਮੈਂਬਰ ਲਾਸ਼ ਲੈ ਕੇ  ਮਹਾਰਾਜਾ ਅਗਰਸੇਨ ਪਹੁੰਚ ਗਏ ਤੇ ਲਾਸ਼ ਨੂੰ ਸੜਕ ਦੇ ਦਰਮਿਆਨ ਰੱਖ ਕੇ ਜਾਮ ਲਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਸੂਬਾ ਸਰਕਾਰ ਦੇ ਰਾਜਮੰਤਰੀ ਨਾਇਬ ਸਿੰਘ ਸੈਣੀ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੀ ਜਾਨ ਨੂੰ ਖਤਰਾ ਹੋਣ ਕਾਰਨ ਕਈ ਵਾਰ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ ਇਸ ਸਬੰਧ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਓਧਰ ਸੜਕ 'ਤੇ ਵਾਹਨਾਂ ਦਾ ਲੰਬਾ ਜਾਮ ਲੱਗਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਤੇ ਪਰਿਵਾਰਿਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹਤਿਆਰਿਆਂ ਦੀ ਗ੍ਰਿਫਤਾਰੀ ਦੀ ਮੰਗ 'ਤੇ ਅੜੇ ਰਹੇ। ਕਾਫੀ ਦੇਰ ਸਮਝਾਉਣ 'ਤੇ ਪਰਿਵਾਰਕ ਮੈਂਬਰ ਤੇ ਪਿੰਡ ਵਾਲੇ ਜਾਮ ਖੋਲ੍ਹਣ 'ਤੇ ਰਾਜ਼ੀ ਹੋ ਗਏ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ 8 ਵਿਅਕਤੀਆਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।