ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ''ਤੇ ਚੜ੍ਹਿਆ ਹੈਦਰਾਬਾਦ ਦਾ 7 ਸਾਲ ਦਾ ਪਰਬਤਰੋਹੀ

04/16/2018 11:26:32 AM

ਹੈਦਰਾਬਾਦ— ਇੱਥੋਂ ਦੇ 7 ਸਾਲ ਦੇ ਪਰਬਤਰੋਹੀ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ 'ਤੇ ਫਤਿਹ ਹਾਸਲ ਕੀਤੀ ਹੈ। 7 ਸਾਲ ਦੇ ਸਮਨਿਊ ਪੋਥੁਰਾਜੂ ਨੇ ਸਾਬਤ ਕੀਤਾ ਹੈ ਕਿ ਛੋਟੀ ਉਮਰ 'ਚ ਵੀ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਕੰਬਾਉਣ ਵਾਲੀ ਠੰਡ 'ਚ ਅਫਰੀਕਾ ਦੇ ਤੰਜਾਨੀਆ ਦੇ ਮਾਊਂਟ ਕਿਲੀਮੰਜਾਰੋ 'ਤੇ ਵੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਸਮਨਿਊ ਦੇ ਛੋਟੇ-ਛੋਟੇ ਕਦਮਾਂ ਨੇ ਮਾਊਂਟ ਕਿਲੀਮੰਜਾਰੋ ਦੀ ਚੋਟੀ 'ਤੇ ਜਿੱਤ ਹਾਸਲ ਕੀਤੀ ਹੈ। ਇਹ ਚੋਟੀ ਸਮੁੰਦਰ ਤੱਲ ਤੋਂ 5,895 ਮੀਟਰ ਉੱਚੀ ਹੈ ਅਤੇ ਸਮਨਿਊ ਨੇ ਬੀਤੀ 2 ਅਪ੍ਰੈਲ ਨੂੰ ਇਹ ਮੁਕਾਮ ਹਾਸਲ ਕੀਤਾ। 7 ਸਾਲ ਦੇ ਸਮਨਿਊ ਦੱਸਦਾ ਹੈ,''ਜਦੋਂ ਮੈਂ ਚੜ੍ਹਾਈ ਸ਼ੁਰੂ ਕੀਤੀ ਤਾਂ ਬਾਰਸ਼ ਹੋ ਰਹੀ ਸੀ ਅਤੇ ਰਸਤਾ ਪੱਥਰਾਂ ਨਾਲ ਭਰਿਆ ਹੋਇਆ ਸੀ। ਮੈਂ ਡਰਿਆ ਹੋਇਆ ਸੀ ਅਤੇ ਮੇਰੇ ਪੈਰਾਂ 'ਚ ਤੇਜ਼ ਦਰਦ ਹੋ ਰਿਹਾ ਸੀ ਪਰ ਇਸ ਦੇ ਬਾਵਜੂਦ ਮੈਂ ਬਾਕੀ ਦੀ ਚੜ੍ਹਾਈ ਪੂਰੀ ਕੀਤੀ।'' ਸਮਨਿਊ ਨੇ ਕਿਹਾ,''ਮੈਨੂੰ ਬਰਫ ਪਸੰਦ ਹੈ ਅਤੇ ਇਸ ਮੈਂ ਕਿਲੀਮੰਜਾਰੋ ਚੁਣਿਆ।''

ਸਾਊਥ ਫਿਲਮ ਅਭਿਨੇਤਾ ਪਵਨ ਕਲਿਆਣ ਨੂੰ ਪੰਸਦ ਕਰਨ ਵਾਲੇ ਸਮਨਿਊ ਨੇ ਕਿਹਾ,''ਮਾਂ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਜੇਕਰ ਮੈਂ ਵਿਸ਼ਵ ਰਿਕਾਰਡ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਪਵਨ ਨਾਲ ਮਿਲਵਾਂਗੀ ਅਤੇ ਹੁਣ ਮੈਂ ਇਸ ਦਾ ਇੰਤਜ਼ਾਰ ਕਰ ਰਿਹਾ ਹਾਂ।'' ਅਗਲੇ ਹਫਤੇ ਆਸਟ੍ਰੇਲੀਆ ਪੀਕ ਦੀ ਚੜ੍ਹਾਈ ਕਰਨ ਜਾ ਰਹੇ ਸਮਨਿਊ ਅਜਿਹਾ ਕਰ ਕੇ ਅਗਲੇ ਮਹੀਨੇ ਦੇ ਅੰਤ ਤੱਕ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੇ ਹਨ। 29 ਮਾਰਚ ਨੂੰ ਚੜ੍ਹਾਈ ਸ਼ੁਰੂ ਕਰਨ ਵਾਲੇ ਸਮਨਿਊ ਨਾਲ ਉਨ੍ਹਾਂ ਦੀ ਮਾਂ ਲਾਵਨਯਾ ਅਤੇ ਕੋਚ ਵੀ ਹਨ। ਉਨ੍ਹਾਂ ਦੀ ਮਾਂ ਦਾ ਕਹਿਣਾ ਹੈ ਕਿ ਸਮਨਿਊ ਮਈ ਤੱਕ 10 ਚੋਟੀਆਂ 'ਤੇ ਚੜ੍ਹਾਈ ਕਰ ਕੇ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ।