ਪੱਛਮੀ ਬੰਗਾਲ : ਅਜਿਹਾ ਸਕੂਲ ਜਿੱਥੇ ਗਲੀਆਂ ’ਚ ਲੱਗਦੀਆਂ ਹਨ ਕਲਾਸਾਂ, ਲੈਪਟਾਪ ਰਾਹੀਂ ਹੁੰਦੀ ਹੈ ਪੜ੍ਹਾਈ

09/17/2021 2:04:52 PM

ਬਰਧਮਾਨ- ਪੱਛਮੀ ਬੰਗਾਲ ਦੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਆਦਿਵਾਸੀ ਪਿੰਡ ਜੋਬਾ ਅੱਟਾਪਾੜਾ ਦੀਆਂ ਗਲੀਆਂ ’ਚ ਸਕੂਲ ਲੱਗਦਾ ਹੈ। ਇਸ ’ਚ ਇਕ ਤੋਂ 8ਵੀਂ ਤੱਕ ਦੀਆਂ ਕਲਾਸਾਂ ਲੱਗਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਕਲਾਸਾਂ ’ਚ ਅ ਤੋਂ ਅਨਾਰ ਅਤੇ ਏ.ਬੀ.ਸੀ.ਡੀ. ਤੋਂ ਲੈ ਕੇ ਕੰਪਿਊਟਰ ਅਤੇ ਮਾਈਕ੍ਰੋਸਕੋਪ ਤੱਕ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਅਜਿਹਾ ਮੁਮਕਿਨ ਹੋ ਸਕਿਆ ਹੈ 34 ਸਾਲ ਦੇ ਸਕੂਲ ਅਧਿਆਪਕ ਦੀਪ ਨਾਰਾਇਣ ਨਾਇਕ ਦੇ ਜਜ਼ਬੇ ਦੀ ਬਦੌਲਤ। ਨਾਇਕ ਆਦਿਵਾਸੀ ਇਲਾਕੇ ’ਚ ਸਰਕਾਰੀ ਅਧਿਆਪਕ ਹਨ।

ਉਹ ਦੱਸਦੇ ਹਨ ਕਿ ਲਾਕਡਾਊਨ ਕਾਰਨ ਜਦੋਂ ਸਕੂਲ ਬੰਦ ਹੋਏ ਤਾਂ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਦੇ ਪਿੱਛੇ ਰਹਿ ਜਾਣ ਦੀ ਚਿੰਤਾ ਹੋਈ। ਉਨ੍ਹਾਂ ਦੇ ਜ਼ਿਆਦਾਤਰ ਵਿਦਿਆਰਥੀ ਆਦਿਵਾਸੀ ਇਲਾਕਿਆਂ ਤੋਂ ਹਨ। ਇਸ ਲਈ ਉਨ੍ਹਾਂ ਦੇ ਕੋਲ ਮੋਬਾਇਲ ਅਤੇ ਕੰਪਿਊਟਰ ਵਰਗੀਆਂ ਸਹੂਲਤਾਂ ਨਹੀਂ ਹਨ। ਸਕੂਲ ਵੀ ਬੰਦ ਸਨ। ਇਸ ਲਈ ਉਨ੍ਹਾਂ ਨੇ ਪਿੰਡ ’ਚ ਗਲੀਆਂ ਦੀਆਂ ਕੰਧਾਂ ਨੂੰ ਰੰਗ ਕੇ ਬੋਰਡ ਬਣਾ ਦਿੱਤਾ ਅਤੇ ਉੱਥੇ ਹੀ ਕਲਾਸਾਂ ਲਗਾਉਣ ਲੱਗੇ। ਇਨ੍ਹਾਂ ਕਲਾਸਾਂ ਦਾ ਸਿਲਸਿਲਾ 30 ਬੱਚਿਆਂ ਤੋਂ ਸ਼ੁਰੂ ਹੋਇਆ ਸੀ, ਜੋ 200 ਦੇ ਕਰੀਬ ਪਹੁੰਚ ਚੁੱਕਿਆ ਹੈ। ਹੁਣ ਨਾਇਕ ਇਨ੍ਹਾਂ ਬੱਚਿਆਂ ਨੂੰ ਇਕੱਲੇ ਸਾਰੇ ਵਿਸ਼ੇ ਪੜ੍ਹਾਉਂਦੇ ਹਨ। ਨਾਇਕ ਦੱਸਦੇ ਹਨ ਕਿ ਉਨ੍ਹਾਂ ਦੀਆਂ ਕਲਾਸਾਂ ’ਚ ਜ਼ਿਆਦਾਤਰ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਪਰਿਵਾਰ ਤੋਂ ਪਹਿਲਾ ਵਾਰ ਕੋਈ ਸਕੂਲ ਆਇਆ। ਇਸ ਲਈ ਹੁਣ ਉਹ ਚਾਹੁੰਦੇ ਹਨ ਕਿ ਬੱਚੇ ਹਰ ਹਾਲ ’ਚ ਅੱਗੇ ਵਧਣ। ਇਨ੍ਹਾਂ ਕਲਾਸਾਂ ’ਚ ਲੋਕ ਗੀਤਾਂ ਰਾਹੀਂ ਵੀ ਪੜ੍ਹਾਈ ਹੁੰਦੀ ਹੈ।

DIsha

This news is Content Editor DIsha