ਲਾਕ ਡਾਊਨ : ਰਾਏਪੁਰ ਤੋਂ ਪੈਦਲ ਹੀ ਵਾਰਾਨਸੀ ਪੁੱਜਾ ਸ਼ਖਸ, ਆਖਰੀ ਵਾਰ ਨਾ ਦੇਖ ਸਕਿਆ ਮਾਂ ਦਾ ਮੂੰਹ

03/28/2020 12:52:25 PM

ਵਾਰਾਨਸੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਰਕਾਰ ਨੇ ਤਾਂ ਲਾਕ ਡਾਊਨ ਕਰ ਦਿੱਤਾ ਹੈ ਪਰ ਦਿਹਾੜੀ ਮਜ਼ਦੂਰ ਪੈਦਲ ਹੀ ਸਫਰ 'ਤੇ ਨਿਕਲ ਚੁੱਕੇ ਹਨ। ਕੋਈ ਮੋਢੇ 'ਤੇ ਬੱਚੇ ਨੂੰ ਚੁੱਕੀ ਜਾਂਦਾ ਹੈ ਤੇ ਕੋਈ ਘਰੇਲੂ ਚੀਜ਼ਾਂ ਨੂੰ ਸਿਰ 'ਤੇ ਰੱਖ ਕੇ ਭੁੱਖੇ-ਪਿਆਸੇ ਹੀ ਸੜਕ 'ਤੇ ਉਤਰ ਪਿਆ ਹੈ। ਜੋ ਸਫਰ ਟਰੇਨ ਜਾਂ ਬੱਸ 'ਚ ਇਕ ਦਿਨ 'ਚ ਕੀਤਾ ਜਾਂਦਾ ਸੀ ਅੱਜ ਲੋਕ ਹਫਤਾ-ਹਫਤਾ ਪੈਦਲ ਹੀ ਉਹ ਸਫਰ ਤੈਅ ਕਰ ਰਹੇ ਹਨ। ਇਨ੍ਹਾਂ ਪੈਦਲ ਮੁਸਾਫਰ 'ਚੋਂ ਛੱਤੀਸਗੜ੍ਹ ਦੇ ਰਾਏਪੁਰ 'ਚ ਰੋਜ਼ੀ-ਰੋਟੀ ਲਈ ਆਇਆ ਮੁਰਾਕੀਮ ਨਾਂ ਦਾ ਸ਼ਖਸ ਹੈ, ਜਿਸ ਦੀ ਮਾਂ ਦੀ ਮੌਤ ਹੋ ਗਈ ਹੈ। ਲਾਕ ਡਾਊਨ 'ਚ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਹ ਆਪਣੇ ਦੋ ਦੋਸਤਾਂ ਨਾਲ ਉੱਤਰ ਪ੍ਰਦੇਸ਼ ਦੇ ਵਾਰਾਨਸੀ ਲਈ ਪੈਦਲ ਹੀ ਨਿਕਲ ਪਿਆ। ਤਿੰਨ ਦਿਨਾਂ ਬਾਅਦ ਆਖਰਕਾਰ ਉਹ ਆਪਣੇ ਪਿੰਡ ਪਹੁੰਚ ਗਏ। ਮੁਰਾਕੀਮ ਆਪਣੇ ਪਿੰਡ ਤਾਂ ਪਹੁੰਚ ਗਿਆ ਪਰ ਦੁੱਖ ਦੀ ਗੱਲ ਹੈ ਕਿ ਮਾਂ ਦੀ ਲਾਸ਼ ਤਿੰਨ ਦਿਨ ਬੇਟੇ ਦੀ ਉਡੀਕ ਨਹੀਂ ਕਰ ਸਕਦੀ ਸੀ। ਅਜਿਹੇ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਮੁਰਾਕੀਮ ਨੇ ਦੱਸਿਆ ਕਿ ਉਸ ਨੇ ਆਪਣੇ ਦੋ ਦੋਸਤਾਂ ਵਿਵੇਕ ਅਤੇ ਪ੍ਰਵੀਣ ਨਾਲ ਲੱਗਭਗ 650 ਕਿਲੋਮੀਟਰ ਦੀ ਇਹ ਦੂਰੀ ਪੈਦਲ ਹੀ ਤੈਅ ਕੀਤੀ।

ਮੁਰਾਕੀਮ ਦੇ ਦੋਸਤ ਨੇ ਕਿਹਾ ਕਿ ਅਸੀਂ ਇਕ ਵਾਰ 'ਚ 20 ਕਿਲੋਮੀਟਰ ਤੁਰੇ ਸੀ। ਰਾਹ 'ਚ 2-3 ਲੋਕਾਂ ਤੋਂ ਲਿਫਟ ਵੀ ਮੰਗੀ। ਇਸ ਤਰ੍ਹਾਂ ਤਿੰਨ ਦਿਨਾਂ ਵਿਚ ਵਾਰਾਨਸੀ ਪਹੁੰਚ ਗਏ। ਅਜਿਹੀਆਂ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਸ਼ਹਿਰ ਵਿਚ ਜੋ ਲੋਕ ਰੋਜ਼ਾਨਾ ਦੀ ਕਮਾਈ 'ਤੇ ਨਿਰਭਰ ਕਰਦੇ ਸਨ, ਉਹ ਜਦੋਂ ਦਾਣੇ-ਦਾਣੇ ਦੇ ਮੋਹਤਾਜ ਹੋਣ ਲੱਗੇ ਤਾਂ ਪਿੰਡ ਜਾਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਸੀ। ਲੋਕ ਆਪਣਾ ਬੋਰੀ-ਬਿਸਤਰਾ ਬੰਨ੍ਹ ਕੇ ਰਵਾਨਾ ਹੋਣ ਲੱਗ ਪਏ। ਓਧਰ ਸੂਬਾ ਸਰਕਾਰਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੋ ਜਿੱਥੇ ਹਨ, ਉੱਥੇ ਹੀ ਰਹਿਣ ਅਤੇ ਉਨ੍ਹਾਂ ਦੀ ਦੇਖਭਾਲ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ। ਇਨ੍ਹੀਂ ਦਿਨੀਂ ਦਿੱਲੀ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਜ਼ਿਲਿਆਂ ਵਿਚ ਜਾਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਦਿੱਲੀ ਤੋਂ ਵੱਡੀ ਗਿਣਤੀ 'ਚ ਲੋਕ ਪੈਦਲ ਹੀ ਜਾਂਦੇ ਨਜ਼ਰ ਆ ਰਹੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਭੁੱਖ-ਪਿਆਸੇ ਹੀ ਸਫਰ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਅਤੇ ਰਾਹ 'ਚ ਹੀ ਜੇਕਰ ਕੁਝ ਖਾਣ ਨੂੰ ਮਿਲ ਵੀ ਜਾਵੇ ਤਾਂ ਉਸ ਦੀ ਦੁੱਗਣੀ ਕੀਮਤ ਵਸੂਲੀ ਜਾਂਦੀ ਹੈ।

Tanu

This news is Content Editor Tanu