''ਆਪ'' ਦੇ ਰੋਜ਼ਗਾਰ ਮੇਲੇ ''ਚ ਪਹਿਲੇ ਹੀ ਦਿਨ ਜੁਟੀ 2 ਹਜ਼ਾਰ ਤੋਂ ਵਧ ਨੌਜਵਾਨਾਂ ਦੀ ਭੀੜ

02/16/2018 3:31:36 PM

ਨਵੀਂ ਦਿੱਲੀ— ਤਿਆਗਰਾਜ ਸਟੇਡੀਅਮ 'ਚ ਦਿੱਲੀ ਸਰਕਾਰ ਦਾ 2 ਦਿਨਾ ਰੋਜ਼ਗਾਰ ਮੇਲਾ ਵੀਰਵਾਰ ਤੋਂ ਸ਼ੁਰੂ ਹੋ ਗਿਆ। ਮੇਲੇ 'ਚ ਨੌਜਵਾਨਾਂ ਦੀ ਭਾਰੀ ਭੀੜ ਨਜ਼ਰ ਆਈ। ਰੋਜ਼ਗਾਰ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਅਜਿਹੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਪਰ ਰੋਜ਼ਗਾਰ ਨੂੰ ਲੈ ਕੇ ਦੇਸ਼ 'ਚ ਕੀ ਸਥਿਤੀ ਹੈ, ਉਸ ਨੂੰ ਰੋਜ਼ਗਾਰ ਮੇਲਾ ਨੇ ਉਜਾਗਰ ਕਰ ਦਿੱਤਾ। ਐੱਮ.ਬੀ.ਏ. ਸਿੱਖਿਅਤ ਨੌਜਵਾਨ ਵੀ ਕਿਸੇ ਤਰ੍ਹਾਂ ਛੋਟੀ-ਮੋਟੀ ਨੌਕਰੀ ਪਾਉਣ ਲਈ ਉਤਸ਼ਾਹਤ ਨਜ਼ਰ ਆਏ। ਮੇਲਾ ਅੱਜ ਯਾਨੀ 16 ਫਰਵਰੀ ਤੱਕ ਜਾਰੀ ਰਹੇਗਾ।
ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 89 ਕੰਪਨੀਆਂ ਨੇ ਹਿੱਸਾ ਲਿਆ। ਸਰਕਾਰ ਅਨੁਸਾਰ 2 ਦਿਨ ਦੇ ਮੇਲੇ 'ਚ ਲੋਕਾਂ ਨੂੰ ਮੌਕੇ 'ਤੇ ਹੀ ਨੌਕਰੀ ਦੀ ਪੇਸ਼ਕਸ਼ ਮਿਲਣ ਦੀ ਆਸ ਹੈ। ਰਾਏ ਨੇ ਕਿਹਾ ਕਿ ਸਰਕਾਰ ਅਜਿਹੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਮੌਕਾ ਮੁਹੱਈਆ ਕਰਵਾ ਰਹੀ ਹੈ। ਦਿੱਲੀ ਸਰਕਾਰ ਭਵਿੱਖ 'ਚ ਹੋਰ ਨੌਕਰੀ ਮੇਲੇ ਆਯੋਜਿਤ ਕਰੇਗੀ। ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਆਯੋਜਿਤ ਇਹ ਤੀਜਾ ਨੌਕਰੀ ਮੇਲਾ ਹੈ। ਜ਼ਿਕਰਯੋਗ ਹੈ ਕਿ ਕੰਪਨੀਆਂ ਸਿਸਟਮ ਜਨਰੇਟੇਡ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕਰ ਕੇ ਆਪਣੇ ਇੱਥੇ ਭਰਤੀਆਂ ਦਾ ਵੇਰਵਾਰ ਰੋਜ਼ਗਾਰ ਵਿਭਾਗ ਦੇ ਪੋਰਟਲ 'ਤੇ ਪਾ ਸਕਦੀਆਂ ਹਨ। ਨੌਕਰੀ ਦੇ ਇਛੁੱਕ ਉਮੀਦਵਾਰ ਸਿਸਟਮ ਜਨਰੇਟੇਡ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕਰ ਕੇ ਆਪਣੀ ਸਿੱਖਿਆ ਯੋਗਤਾ ਅਤੇ ਕੌਸ਼ਲ ਦੇ ਅਨੁਰੂਪ ਭਰਤੀਆਂ ਅਤੇ ਕੰਪਨੀਆਂ ਦੀ ਚੋਣ ਕਰ ਸਕਦੇ ਹਨ। ਰੋਜ਼ਗਾਰ ਮੇਲੇ 'ਚ ਕੰਪਨੀਆਂ ਵੱਲੋਂ ਸੰਭਾਵਿਤ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਹੁਣ ਤੱਕ 580 ਕੰਪਨੀਆਂ ਨੇ ਵਿਭਾਗ ਦੇ ਪੋਰਟਲ 'ਤੇ ਖੁਦ ਨੂੰ ਰਜਿਸਟਰਡ ਕਰਵਾਇਆ ਹੈ। ਇਸ ਵਾਰ 15,237 ਤੋਂ ਵਧ ਨੌਕਰੀਆਂ ਰੋਜ਼ਗਾਰ ਮੇਲੇ 'ਚ ਉਪਲੱਬਧ ਹੋਣਗੀਆਂ।