ਪਿੰਡ ਤੋਂ 415 ਕਿ. ਮੀ. ਦੂਰ ਪਿਆਜ਼ ਵੇਚਣ ਗਿਆ ਕਿਸਾਨ, 205 ਕਿਲੋ ਦੇ ਮਿਲੇ ਇੰਨੇ ਰੁਪਏ, ਜਾਣ ਕੇ ਹੋ ਜਾਵੋਗੇ ਹੈਰਾਨ

11/29/2022 12:01:56 AM

ਜਲੰਧਰ (ਬਿਊਰੋ) : ਕਿਸਾਨ ਆਪਣੀ ਫਸਲ ਦੀ ਚੰਗੀ ਕੀਮਤ ਹਾਸਲ ਕਰਨ ਦਾ ਪੂਰਾ ਯਤਨ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਮਨਚਾਹੀ ਕੀਮਤ ਸ਼ਾਇਦ ਹੀ ਕਦੇ ਮਿਲਦੀ ਹੋਵੇ। ਅਜਿਹਾ ਹੀ ਇਕ ਮਾਮਲਾ ਕਰਨਾਟਕ ਦੇ ਗਡਗ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ ਨੂੰ 415 ਕਿ. ਮੀ. ਤੋਂ ਵੱਧ ਦੂਰ ਬੈਂਗਲੁਰੂ ਦੇ ਯਸ਼ਵੰਤਪੁਰ ਬਾਜ਼ਾਰ ’ਚ 205 ਕਿਲੋ ਪਿਆਜ਼ ਵੇਚਣ ’ਤੇ ਸਿਰਫ 8.36 ਰੁਪਏ ਮਿਲੇ। ਪ੍ਰੇਸ਼ਾਨ ਕਿਸਾਨ ਨੇ ਇਸ ਦੀ ਰਸੀਦ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ, ਜੋ ਵਾਇਰਲ ਹੋ ਗਈ। ਪੋਸਟ ’ਤੇ ਹੋਰ ਕਿਸਾਨਾਂ ਨੂੰ ਆਪਣੀ ਪੈਦਾਵਾਰ ਬੈਂਗਲੁਰੂ ਨਾ ਲਿਆਉਣ ਦੀ ਚਿਤਾਵਨੀ ਦਿੱਤੀ ਗਈ ਸੀ। ਬਿੱਲ ਜਾਰੀ ਕਰਨ ਵਾਲੇ ਥੋਕ ਵਪਾਰੀ ਨੇ ਪਿਆਜ਼ ਦੀ ਕੀਮਤ 200 ਰੁਪਏ ਪ੍ਰਤੀ ਕੁਇੰਟਲ ਦੱਸੀ ਹੈ ਪਰ ਉਨ੍ਹਾਂ 24 ਰੁਪਏ ਕੁਲੀ ਫੀਸ ਅਤੇ 377.64 ਰੁਪਏ ਮਾਲ ਢੁਆਈ ਕੱਟ ਕੇ ਤਿੰਮਾਪੁਰ ਪਿੰਡ ਦੇ ਕਿਸਾਨ ਪਾਵਡੇਪਾ ਹੱਲੀਕੇਰੀ ਨੂੰ 8.36 ਰੁਪਏ ਦਿੱਤੇ ਹਨ।

ਯਸ਼ਵੰਤਪੁਰ ਬਾਜ਼ਾਰ ’ਚ ਪਹੁੰਚੇ ਸਨ 50 ਕਿਸਾਨ

ਗਦੜ ਨੇੜੇ 50 ਕਿਸਾਨ ਯਸ਼ਵੰਤਪੁਰ ਬਾਜ਼ਾਰ ’ਚ ਪਿਆਜ਼ ਵੇਚਣ ਗਏ ਸਨ, ਜਿਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਪਿਆਜ਼ ਦੀ ਕੀਮਤ 500 ਰੁਪਏ ਪ੍ਰਤੀ ਕੁਇੰਟਲ ਹੈ ਪਰ ਉਹ 200 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਵੇਖ ਕੇ ਹੈਰਾਨ ਰਹਿ ਗਏ। ਕੀਮਤਾਂ ਤੋਂ ਨਾਰਾਜ਼ ਕਿਸਾਨ ਹੁਣ ਸੂਬਾ ਸਰਕਾਰ ਨੂੰ ਆਪਣੀ ਪੈਦਾਵਾਰ ਲਈ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਲਈ ਮਜਬੂਰ ਕਰਨ ਵਾਸਤੇ ਵਿਰੋਧ ਵਿਖਾਵੇ ਦੀ ਯੋਜਨਾ ਬਣਾ ਰਹੇ ਹਨ। ਪਾਵਡੇਪਾ ਨੇ ਕਿਹਾ ਕਿ ਅਸੀਂ ਗਡਗ ਦੇ ਕਿਸਾਨ ਹਾਂ। ਇਸ ਸਾਲ ਲਗਾਤਾਰ ਮੀਂਹ ਪੈਣ ਕਾਰਨ ਅਸੀਂ ਪ੍ਰਭਾਵਿਤ ਹੋਏ ਹਾਂ। ਅਸੀਂ ਜਿਹੜੇ ਪਿਆਜ਼ ਉਗਾਏ ਹਨ, ਉਹ ਆਕਾਰ ’ਚ ਛੋਟੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਪਿਆਜ਼ ਲਈ ਐੱਮ. ਐੱਸ. ਪੀ. ਜਲਦੀ ਐਲਾਨਿਆ ਜਾਵੇ। ਪੁਣੇ ਤੇ ਤਾਮਿਲਨਾਡੂ ਦੇ ਕਿਸਾਨ ਜੋ ਆਪਣੀ ਪੈਦਾਵਾਰ ਯਸ਼ਵੰਤਪੁਰ ਲਿਆਉਂਦੇ ਹਨ, ਉਨ੍ਹਾਂ ਨੂੰ ਚੰਗੀ ਕੀਮਤ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦੀ ਫਸਲ ਬਿਹਤਰ ਹੈ ਪਰ ਫਿਰ ਵੀ ਸਾਡੇ ਵਿਚੋਂ ਕਿਸੇ ਨੇ ਵੀ ਕੀਮਤ ਦੇ ਇੰਨਾ ਘੱਟ ਹੋਣ ਬਾਰੇ ਨਹੀਂ ਸੋਚਿਆ ਸੀ।

ਦਸੰਬਰ ਦੇ ਪਹਿਲੇ ਹਫਤੇ ’ਚ ਵਿਰੋਧ ਵਿਖਾਵਾ

ਪਾਵਡੇਪਾ ਨੇ ਕਿਹਾ,‘‘ਮੈਨੂੰ ਸਿਰਫ 8 ਰੁਪਏ ਮਿਲੇ ਹਨ ਅਤੇ ਹੋਰ ਕਿਸਾਨਾਂ ਨੂੰ ਆਪਣੀ ਪੈਦਾਵਾਰ ਯਸ਼ਵੰਤਪੁਰ ਬਾਜ਼ਾਰ ਤੋਂ ਵੇਚਣ ਲਈ ਸੁਚੇਤ ਕਰਨ ਵਾਸਤੇ ਮੈਂ ਸੋਸ਼ਲ ਮੀਡੀਆ ’ਤੇ ਰਸੀਦ ਪੋਸਟ ਕੀਤੀ ਕਿਉਂਕਿ ਗਡਗ ਤੇ ਉੱਤਰੀ ਕਰਨਾਟਕ ’ਚ ਪਿਆਜ਼ ਦੀ ਫਸਲ ਦੀ ਚੰਗੀ ਕੀਮਤ ਨਹੀਂ ਮਿਲ ਰਹੀ। ਮੈਂ ਫਸਲ ਨੂੰ ਉਗਾਉਣ ਅਤੇ ਬਾਜ਼ਾਰ ਤਕ ਪਹੁੰਚਾਉਣ ਲਈ 25 ਹਜ਼ਾਰ ਰੁਪਏ ਤੋਂ ਵੱਧ ਖਰਚ ਕੀਤੇ ਹਨ। ਅਸੀਂ ਸੂਬਾ ਸਰਕਾਰ ਨੂੰ ਜਲਦ ਤੋਂ ਜਲਦ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਦੀ ਬੇਨਤੀ ਕੀਤੀ ਹੈ ਕਿਉਂਕਿ ਲਗਾਤਾਰ ਮੀਂਹ ਕਾਰਨ ਇਸ ਪੂਰੇ ਸਾਲ ’ਚ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਜੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਅਸੀਂ ਦਸੰਬਰ ਦੇ ਪਹਿਲੇ ਹਫਤੇ ਵਿਰੋਧ ਵਿਖਾਵਾ ਕਰਾਂਗੇ।

Mandeep Singh

This news is Content Editor Mandeep Singh