ਆਮ ਆਦਮੀ ਲਈ ਵੱਡੀ ਰਾਹਤ, ਦੋ ਦਿਨਾਂ ਬੈਂਕ ਹੜਤਾਲ ਟਲੀ

09/23/2019 9:03:27 PM

ਨਵੀਂ ਦਿੱਲੀ — ਬੈਂਕ ਟ੍ਰੇਡ ਯੂਨੀਅਨਾਂ ਨੇ ਪ੍ਰਸਤਾਵਿਤ 26 ਅਤੇ 27 ਸਤੰਬਰ ਦੀ ਹੜਤਾਲ ਟਾਲ ਦਿੱਤੀ ਹੈ। ਬੈਂਕ ਯੂਨੀਅਨਾਂ ਨੇ 10 ਬੈਂਕਾਂ ਦੀ ਸ਼ਮੂਲੀਅਤ ਦੇ ਵਿਰੋਧ 'ਚ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਸੀ। ਇਹ ਹੜਤਾਲ ਯੂਨੀਅਨ ਲੀਡਰਸ ਅਤੇ ਵਿੱਤ ਸਕੱਤਰ ਰਾਜੀਵ ਕੁਮਾਰ ਵਿਚਾਲੇ ਹੋਈ ਬੈਠਕ ਤੋਂ ਬਾਅਦ ਟਲੀ ਹੈ। ਬੈਂਕ ਯੂਨੀਅਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੁੱਦਿਆਂ ਨੂੰ ਗੰਭੀਰਤਾਂ ਨਾਲ ਲਿਆ ਹੈ ਤੇ ਉਸ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।

ਦਰਅਸਲ ਬੈਂਕ ਅਫਸਰਾਂ ਦੀ ਚਾਰ ਯੂਨੀਅਨਾਂ ਨੇ 26 ਸਤੰਬਰ ਤੋਂ ਦੋ ਦਿਨਾਂ ਹੜਤਾਲ ਦਾ ਐਲਾਨ ਕੀਤਾ ਸੀ। ਯੂਨੀਅਨਾਂ ਨੇ ਹੜਤਾਲ 'ਚ ਬੈਂਕਾਂ ਦੀ ਸ਼ਮੂਲੀਅਤ ਦੇ ਵਿਰੋਧ ਨਾਲ ਹੀ 11ਵਾਂ ਵੇਤਨ ਸਮਝੌਤਾ ਲਾਗੂ ਕਰਨ ਦੀ ਮੰਗ ਕੀਤੀ ਸੀ। ਬੈਂਕਿੰਗ ਸੈਕਟਰ ਦੇ ਚਾਰ ਟ੍ਰੇਡ ਯੂਨੀਅਨ ਸੰਗਠਨਾਂ ਨੇ 25 ਸਤੰਬਰ ਦੀ ਅੱਧੀ ਰਾਤ ਤੋਂ 27 ਸਤੰਬਰ ਦੀ ਮੱਧ ਰਾਤ ਤਕ ਹੜਤਾਲ ਸੱਦੀ ਸੀ। ਜਿਸ 'ਚ ਆਲ ਇੰਡੀਆ ਬੈਂਕ ਅਫਸਰਸ ਕਨਫੈਡਰੇਸ਼ਨ, ਆਲ ਇੰਡੀਆ ਬੈਂਕ ਅਫਸਰਸ ਐਸੋਸੀਏਸ਼ਨ, ਇੰਡੀਅਨ ਨੈਸ਼ਨਲ ਬੈਂਕ ਅਫਸਰਸ ਕਾਂਗਰਸ ਤੇ ਨੈਸ਼ਨਲ ਆਰਗੇਨਾਇਜ਼ੇਸ਼ਨ ਬੈਂਕ ਅਫਸਰਸ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੈਂਕਾਂ ਦੀ ਸ਼ਮੂਲੀਅਤ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰੀ ਖੇਤਰ ਦੇ 10 ਬੈਂਕਾਂ ਦੀ ਸ਼ਮੂਲੀਅਤ ਕਰਕੇ 4 ਬੈਂਕ ਬਣਾਏ ਜਾਣਗੇ। ਸਰਕਾਰ ਦੇ ਇਸ ਫੈਸਲੇ ਦਾ ਬੈਂਕਿੰਗ ਸੈਕਟਰ ਦੇ ਵੱਖ-ਵੱਖ ਟ੍ਰੇਡ ਯੂਨੀਅਨ ਵਿਰੋਧ ਕਰ ਰਹੇ ਹਨ। ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਨਾਲ ਹਜ਼ਾਰਾਂ ਨੌਕਰੀਆਂ ਜਾਣ ਦੇ ਨਾਲ ਨਾਲ ਹੀ ਨਾਨ ਪਰਫਾਰਮਿੰਗ ਅਸੈਟ (ਐੱਨ.ਪੀ.ਏ.) ਵੀ ਵਧੇਗਾ।

Inder Prajapati

This news is Content Editor Inder Prajapati