ਕੇਜਰੀਵਾਲ ਦਾ ਦਾਅਵਾ, ਦਿੱਲੀ ਦੇ ਮੁਹੱਲਾ ਕਲੀਨਿਕਾਂ 'ਚ ਮਿਲਣ ਵਾਲੀਆਂ ਸੇਵਾਵਾਂ ਤੋਂ 95 ਫ਼ੀਸਦੀ ਲੋਕ ਖੁਸ਼

04/25/2022 3:28:50 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ 'ਆਮ ਆਦਮੀ ਮੁਹੱਲਾ ਕਲੀਨਿਕ' 'ਚ ਆਉਣ ਵਾਲੇ 95 ਫੀਸਦੀ ਮਰੀਜ਼ ਉੱਥੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਨੇ ਪੰਜਾਬ 'ਚ ਆਪਣੇ ਹਮਰੁਤਬਾ ਭਗਵੰਤ ਮਾਨ ਨੂੰ, ਇੱਥੇ ਇਕ ਆਦਰਸ਼ ਮੁਹੱਲਾ ਕਲੀਨਿਕ ਅਤੇ ਦਿੱਲੀ ਸਰਕਾਰ ਦਾ ਇਕ ਸਕੂਲ ਵੀ ਦਿਖਾਇਆ। ਭਗਵੰਤ ਮਾਨ ਆਮ ਆਦਮੀ ਪਾਰਟੀ (ਆਪ) ਦੇ ਸ਼ਾਸਨ ਦੌਰਾਨ ਹੋਏ ਸਰਵਉੱਚ ਕੰਮਾਂ ਬਾਰੇ ਜਾਣਨ ਲਈ ਸ਼ਹਿਰ ਦੇ 2 ਦਿਨਾਂ ਦੌਰੇ 'ਤੇ ਹਨ। ਇਕ ਮੁਹੱਲਾ ਕਲੀਨਿਕ 'ਚ, ਮਰੀਜ਼ਾਂ ਨੇ ਭਗਵੰਤ ਮਾਨ ਨੂੰ ਦੱਸਿਆ ਕਿ ਕਿਸੇ ਵਿਅਕਤੀ ਨੂੰ ਇਨ੍ਹਾਂ ਕਲੀਨਿਕਾਂ 'ਚ ਡਾਕਟਰ ਨਾਲ ਮਿਲਣ ਅਤੇ ਤੈਅ ਦਵਾਈਆਂ ਲੈਣ 'ਚ ਔਸਤਨ ਸਿਰਫ਼ 10 ਮਿੰਟ ਦਾ ਸਮਾਂ ਲੱਗਦਾ ਹੈ।

 

ਇਹ ਵੀ ਪੜ੍ਹੋ : ਗੁਜਰਾਤ ਤੱਟ ਨੇੜੇ 9 ਲੋਕਾਂ ਨਾਲ ਪਾਕਿਸਤਾਨੀ ਕਿਸ਼ਤੀ ਫੜੀ, 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਕੇਜਰੀਵਾਲ ਨੇ ਮਾਨ ਨੂੰ ਦੱਸਿਆ,''ਮੁਹੱਲਾ ਕਲੀਨਿਕ 'ਚ ਆਉਣ ਵਾਲੇ 95 ਫੀਸਦੀ ਮਰੀਜ਼ ਸੇਵਾਵਾਂ ਤੋਂ ਖੁਸ਼ ਹਨ। ਕੋਈ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਰਾਜ ਤੋਂ ਹੋਵੇ, ਇਨ੍ਹਾਂ ਸਿਹਤ ਕੇਂਦਰਾਂ 'ਚ ਮੁਫ਼ਤ ਇਲਾਜ ਕਰਵਾ ਸਕਦਾ ਹੈ।'' ਕੇਜਰੀਵਾਲ ਨੇ ਕਿਹਾ,''ਅਸੀਂ ਦਿੱਲੀ ਦੇ ਸਭ ਤੋਂ ਪਾਸ਼ ਇਲਾਕੇ- ਗ੍ਰੇਟਰ ਕੈਲਾਸ਼ 'ਚ 2 ਮੁਹੱਲਾ ਕਲੀਨਿਕ ਖੋਲ੍ਹੇ ਹਨ ਅਤੇ ਇਨ੍ਹਾਂ ਕੇਂਦਰਾਂ 'ਤੇ ਬਹੁਤ ਸਾਰੇ ਅਮੀਰ ਮਰੀਜ਼ ਵੀ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਦੇਖਭਾਲ ਕਿਤੇ ਹੋਰ ਨਹੀਂ ਮਿਲਦੀ।'' ਚਿਰਾਗ ਐਨਕਲੇਵ 'ਚ ਸਰਕਾਰ ਵਲੋਂ ਸੰਚਾਲਿਤ ਸਰਵੋਦਯ ਬਾਲ ਸਕੂਲ 'ਚ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਪਾਰਟੀ ਨੇ ਦਿੱਲੀ 'ਚ ਸੱਤਾ 'ਚ ਆਉਣ ਤੋਂ ਬਾਅਦ, ਸਕੂਲ ਦੇ ਪ੍ਰਿੰਸੀਪਲ ਦੀ ਇਕ ਬੈਠਕ ਬੁਲਾ ਕੇ ਸ਼ਹਿਰ 'ਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਸੁਝਾਅ ਮੰਗੇ ਸਨ। ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸਪੀਲਾਂ ਨੂੰ ਵਿਦੇਸ਼ 'ਚ ਸਿਖਲਾਈ ਲਈ ਭੇਜਿਆ ਗਿਆ ਸੀ ਅਤੇ ਅਧਿਆਪਕਾਂ ਨੂੰ ਭਾਰਤੀ ਪ੍ਰਬੰਧਨ ਸੰਸਥਾਵਾਂ 'ਚ ਸਿਖਲਾਈ ਦਿੱਤੀ ਜਾ ਚੁਕੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News