93 ਸਾਲ ਦੀ ਉਮਰ ''ਚ ਨਹੀਂ ਘਟਿਆ ਕਿਤਾਬਾਂ ਨਾਲੋਂ ਮੋਹ, ਪੂਰੀ ਕੀਤੀ ਮਾਸਟਰਜ਼ ਦੀ ਪੜ੍ਹਾਈ

02/19/2020 11:55:04 AM

ਨਵੀਂ ਦਿੱਲੀ— ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। ਕੋਈ ਕਿਤਾਬਾਂ ਨਾਲ ਇਸ ਕਦਰ ਦਿਲ ਲਾ ਲੈਂਦਾ ਹੈ ਕਿ ਉਸ ਦਾ ਮੋਹ ਕਦੇ ਘੱਟ ਹੀ ਨਹੀਂ ਹੁੰਦਾ। ਕੁਝ ਕਰਨ ਦਾ ਜਨੂੰਨ ਇਨਸਾਨ ਦੀ ਮਨੋ ਬਿਰਤੀ ਨੂੰ ਬਦਲ ਦਿੰਦਾ ਹੈ। ਇਸ ਦਾ ਜਿਊਂਦਾ-ਜਾਗਦਾ ਉਦਾਹਰਣ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਦੀਸ਼ਾਂਤ ਸਮਾਰੋਹ 'ਚ ਦੇਖਣ ਨੂੰ ਮਿਲਿਆ। ਇੱਥੇ 93 ਸਾਲ ਦੇ ਸੀ. ਆਈ. ਸ਼ਿਵਾਸੁਬਰਮਣੀਅਮ ਨੇ ਆਪਣੀ ਮਾਸਟਰਜ਼ ਦੀ ਪੜ੍ਹਾਈ ਪੂਰੀ ਕੀਤੀ। ਉਹ ਇਸ ਵਾਰ ਦੇ ਦੀਸ਼ਾਂਤ ਸਮਾਰੋਹ ਦੇ ਸਭ ਤੋਂ ਬਜ਼ੁਰਗ ਵਿਦਿਆਰਥੀ ਬਣ ਗਏ। ਸਮਾਰੋਹ ਵਿਚ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਮੌਜੂਦ ਸਨ, ਜਿਨ੍ਹਾਂ ਨੇ ਸ਼ਿਵਾ ਦੀ ਤਰੀਫ ਕੀਤੀ ਅਤੇ ਉਨ੍ਹਾਂ ਨੂੰ 90 ਸਾਲ ਦਾ 'ਯੰਗਸਟਰ' ਦੱਸਿਆ। ਸ਼ਿਵਾ ਨੇ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਆਪਣੀ ਮਾਸਟਰਜ਼ ਦੀ ਪੜ੍ਹਾਈ ਪੂਰੀ ਕੀਤੀ। 

ਸ਼ਿਵਾ ਦੱਸਦੇ ਹਨ ਕਿ 1940 'ਚ ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਖਤਮ ਕੀਤੀ ਸੀ। ਉਸ ਤੋਂ ਬਾਅਦ ਉਹ ਕਾਲਜ ਜਾਣਾ ਚਾਹੁੰਦੇ ਸਨ ਪਰ ਮਾਤਾ-ਪਿਤਾ ਬੀਮਾਰ ਰਹਿਣ ਲੱਗੇ। ਦੋਹਾਂ ਦੀ ਦੇਖਭਾਲ ਅਤੇ ਪਰਿਵਾਰ ਲਈ ਉਨ੍ਹਾਂ ਨੂੰ ਪੜ੍ਹਾਈ ਛੱਡ ਕੇ ਨੌਕਰੀ ਕਰਨੀ ਪਈ। ਉਸ ਸਮੇਂ ਸ਼ਿਵਾ ਚੇਨਈ 'ਚ ਰਹਿੰਦੇ ਸਨ, ਬਾਅਦ ਵਿਚ ਦਿੱਲੀ ਸ਼ਿਫਟ ਹੋ ਗਏ। ਇੱਥੇ ਮਿਨਿਸਟਰੀ ਆਫ ਕਾਮਰਜ਼ 'ਚ ਉਨ੍ਹਾਂ ਨੇ ਕਲਰਕ ਦੀ ਨੌਕਰੀ ਮਿਲ ਗਈ। ਫਿਰ 1986 'ਚ 58 ਸਾਲ ਦੀ ਉਮਰ 'ਚ ਉਹ ਮੰਤਰਾਲੇ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। 

ਸ਼ਿਵਾ ਦਾ ਗਰੈਜੂਏਟ ਹੋਣ ਦਾ ਸੁਪਨਾ ਅਧੂਰਾ ਸੀ। ਫਿਰ ਸੇਵਾ ਮੁਕਤ ਤੋਂ ਬਾਅਦ ਪਰਿਵਾਰ ਦੀਆਂ ਜ਼ਿੰਮੇਵਾਰੀਆਂ 'ਚ ਉਹ ਅਜਿਹਾ ਨਹੀਂ ਕਰ ਸਕੇ। ਫਿਰ ਇਕ ਦਿਨ ਫਿਜੀਓਥੈਰੇਪਿਸਟ ਨੇ ਦੱਸਿਆ ਕਿ ਉਹ ਇਗਨੂ ਤੋਂ ਕੋਈ ਕੋਰਸ ਕਰਨ ਵਾਲਾ ਹੈ। ਉਨ੍ਹਾਂ ਨੇ ਆਪਣੇ ਲਈ ਵੀ ਪਤਾ ਕਰਨ ਨੂੰ ਕਿਹਾ। ਪਤਾ ਲੱਗਾ ਕਿ ਇਗਨੂ 'ਚ ਉਮਰ ਦੀ ਕੋਈ ਸੀਮਾ ਨਹੀਂ ਹੈ। ਸ਼ਿਵਾ ਨੇ ਕਿਹਾ ਕਿ ਉਸ ਨੇ ਬੈਚਲਰ ਕੋਰਸ ਲਈ ਅਪਲਾਈ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਕੋਰਸ ਪੂਰਾ ਹੋਣ ਤਕ ਮੈਂ ਜ਼ਿੰਦਾ ਵੀ ਰਹਾਂਗਾ ਜਾਂ ਨਹੀਂ। ਸ਼ਿਵਾ ਨੇ ਕਿਹਾ ਕਿ ਮੈਂ ਇੱਥੇ ਹੀ ਰੁੱਕਣ ਵਾਲਾ ਨਹੀਂ ਹਾਂ। ਮੈਂ ਐੱਮਫਿਲ ਕਰਨਾ ਚਾਹੁੰਦਾ ਹਾਂ। ਆਪਣੇ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਸ਼ਿਵਾ ਨੇ ਦੱਸਿਆ ਕਿ ਮੇਰੇ ਪੋਤੇ-ਪੋਤੀਆਂ ਦੀ ਪੜ੍ਹਾਈ ਖਤਮ ਹੋ ਚੁੱਕੀ ਹੈ। ਕੁਝ ਦਾ ਵਿਆਹ ਹੋ ਗਿਆ ਹੈ। ਇਕ ਪੋਤੀ ਅਮਰੀਕਾ ਵਿਚ ਪੜ੍ਹ ਰਹੀ ਹੈ।


Tanu

Content Editor

Related News