ਹਿਮਾਚਲ ’ਚ ਸਰਦੀ ਵਧਣ ਨਾਲ 91 ਫੀਸਦੀ ਡਿੱਗਿਆ ਬਿਜਲੀ ਦਾ ਉਤਪਾਦਨ

12/26/2019 12:51:00 AM

ਸ਼ਿਮਲਾ (ਦਵਿੰਦਰ ਹੇਟਾ) – ਹਿਮਾਚਲ ਵਿਚ ਗਲੇਸ਼ੀਅਰਾਂ ਦੇ ਜੰਮਣ ਅਤੇ ਸਰਦੀ ਵਧਣ ਨਾਲ ਬਿਜਲੀ ਉਤਪਾਦਨ 91 ਫੀਸਦੀ ਤੱਕ ਡਿੱਗ ਗਿਆ। ਦੂਸਰੇ ਪਾਸੇ ਸੂਬੇ ਵਿਚ ਬਿਜਲੀ ਦੀ ਮੰਗ ਵਿਚ ਵਾਧਾ ਹੋਇਆ ਹੈ। ਗਰਮੀਆਂ ਦੇ ਮੁਕਾਬਲੇ ਇਨ੍ਹੀਂ ਦਿਨੀਂ ਬਿਜਲੀ ਦੀ ਮੰਗ 225 ਲੱਖ ਯੂਨਿਟ ਤੋਂ ਵਧ ਕੇ 300 ਲੱਖ ਯੂਨਿਟ ਹੋ ਗਈ ਹੈ, ਜਦਕਿ ਸੂਬੇ ਦਾ ਆਪਣਾ ਬਿਜਲੀ ਉਤਪਾਦਨ ਘਟ ਕੇ ਸਿਰਫ 26 ਲੱਖ ਯੂਨਿਟ ਰਹਿ ਗਿਆ ਹੈ। ਇਸ ਨਾਲ ਸੂਬਾ ਬਿਜਲੀ ਬੋਰਡ ਸਮੇਤ ਬਿਜਲੀ ਉਤਪਾਦਕਾਂ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਬਿਜਲੀ ਉਤਪਾਦਨ ਡਿੱਗਣ ਦੇ ਬਾਅਦ ਹਿਮਾਚਲ ਦੇ 22 ਲੱਖ ਤੋਂ ਵੱਧ ਬਿਜਲੀ ਖਪਤਕਾਰ ਬਿਜਲੀ ਲਈ ਬਾਹਰੀ ਸੂਬਿਆਂ ’ਤੇ ਨਿਰਭਰ ਹੋ ਗਏ ਹਨ। ਕੁਝ ਕੁ ਦਿਹਾਤੀ ਇਲਾਕਿਆਂ ਵਿਚ ਸਵੇਰ ਤੇ ਸ਼ਾਮ ਨੂੰ ਕਦੇ-ਕਦੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਸੂਬੇ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਬਿਜਲੀ ਬੋਰਡ ਨੇ ਬੀਤੇ ਅਕਤੂਬਰ ਮਹੀਨੇ ਵਿਚ ਹੀ ਬੈਂਕਿੰਗ ਤੇ ਸੈਂਟਰ ਸੈਕਟਰ ਦੇ ਪ੍ਰਾਜੈਕਟਾਂ ਤੋਂ ਬਿਜਲੀ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਪੂਰੇ ਸਰਦੀ ਦੇ ਸੀਜ਼ਨ ਦੌਰਾਨ ਗੁਆਂਢੀ ਸੂਬਿਆਂ ਤੋਂ ਬਿਜਲੀ ਦੀ ਮੰਗ ਪੂਰੀ ਕੀਤੀ ਜਾਵੇਗੀ। ਬਿਜਲੀ ਸ਼ਾਰਟਫਾਲ ਦੇ ਬਾਵਜੂਦ ਖਪਤਕਾਰਾਂ ਨੂੰ ਬਿਜਲੀ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਸੈਂਟਰ ਸੈਕਟਰ ਅਤੇ ਬੈਂਕਿੰਗ ਸਿਸਟਮ ਤੋਂ ਬਿਜਲੀ ਲੈ ਕੇ ਖਪਤਕਾਰਾਂ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ।

 

Inder Prajapati

This news is Content Editor Inder Prajapati