ਰਾਹਤ ਭਰੀ ਖਬਰ: ਇੰਦੌਰ ''ਚ 90 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ

05/28/2020 3:44:08 PM

ਇੰਦੌਰ-ਦੇਸ਼ 'ਚ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ 'ਚ ਸ਼ਾਮਲ ਇੰਦੌਰ ਤੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇੱਥੇ 90 ਸਾਲਾ ਇਕ ਬਜ਼ੁਰਗ ਨੇ ਮਹਾਮਾਰੀ ਨੂੰ ਮਾਤ ਦੇ ਕੇ ਆਪਣੇ ਘਰ ਪਰਤ ਆਇਆ ਹੈ। ਇਸ ਦੇ ਨਾਲ ਹੀ ਇਹ ਬਜ਼ੁਰਗ ਦੇਸ਼ ਦੇ ਉਨ੍ਹਾਂ ਸਭ ਤੋਂ ਵੱਧ ਉਮਰ ਦੇ ਮਰੀਜ਼ਾਂ 'ਚ ਸ਼ਾਮਲ ਹੋ ਗਿਆ, ਜੋ ਇਲਾਜ ਤੋਂ ਬਾਅਦ ਇਸ ਮਹਾਮਾਰੀ ਤੋਂ ਉੱਭਰ ਚੁੱਕੇ ਹਨ। ਅਧਿਕਾਰੀਆਂ ਨੇ ਅੱਜ ਭਾਵ ਵੀਰਵਾਰ ਨੂੰ ਦੱਸਿਆ ਹੈ ਕਿ ਕੋਰੋਨਾ ਨਾਲ ਪੀੜਤ ਮਿਲਣ ਤੋਂ ਬਾਅਦ 90 ਸਾਲਾਂ ਬਜ਼ੁਰਗ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ 22 ਮਈ ਨੂੰ ਭਰਤੀ ਕਰਵਾਇਆ ਗਿਆ ਸੀ ਅਤੇ ਇਲਾਜ ਤੋਂ ਬਾਅਦ ਠੀਕ ਹੋਣ 'ਤੇ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। 

ਬਜ਼ੁਰਗ ਨੂੰ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਗਿਆ ਹੈ ਕਿ ਮੈਡੀਕਲ ਸਟਾਫ ਇਸ ਬਜ਼ੁਰਗ ਸ਼ਖਸ 'ਤੇ ਫੁੱਲ ਵਰਸਾਉਣ ਤੋਂ ਬਾਅਦ "ਵਿਕਟਰੀ ਨਿਸ਼ਾਨ" ਬਣਾਉਂਦੇ ਹੋ ਦਿਖਾਈ ਦੇ ਰਹੇ ਹਨ। ਇਸ ਦੌਰਾਨ ਇਕ ਲੜਕੀ ਬਜ਼ੁਰਗ ਦੇ ਹੱਥ 'ਚ ਨਾਰੀਅਲ ਫੜਾਉਂਦੇ ਹੋਏ ਆਰਤੀ ਉਤਾਰਦੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਦੌਰ 'ਚ 95 ਸਾਲ ਦੀ ਇਕ ਜਨਾਨੀ ਵੀ ਕੋਰੋਨਾ ਨੂੰ ਮਾਤ ਦੇ ਚੁੱਕੀ ਹੈ। ਸ਼ਹਿਰ ਦੇ ਇਕ ਨਿਜੀ ਹਸਪਤਾਲ 'ਚ 11 ਦਿਨ ਚੱਲੇ ਇਲਾਜ ਤੋਂ ਬਾਅਦ ਵਾਇਰਸ ਮੁਕਤ ਹੋਣ 'ਤੇ 21 ਮਈ ਨੂੰ ਘਰ ਵਾਪਸ ਗਈ ਸੀ। 

ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ-19 ਜਾ ਕਹਿਰ ਵੱਧਣ ਕਾਰਨ ਇੰਦੌਰ ਜ਼ਿਲ੍ਹਾਂ ਰੈੱਡ ਜ਼ੋਨ 'ਚ ਹੈ। ਜ਼ਿਲ੍ਹੇ 'ਚ ਇਸ ਮਹਾਮਾਰੀ ਕਾਰਨ ਪੀੜਤ ਲੋਕਾਂ ਦੀ ਗਿਣਤੀ ਵਧ ਕੇ 3260 ਤੱਕ ਪਹੁੰਚ ਚੁੱਕੀ ਹੈ, ਇਨ੍ਹਾਂ 'ਚ 122 ਮਰੀਜਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਲਾਜ ਤੋਂ ਬਾਅਦ 1555 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ।

Iqbalkaur

This news is Content Editor Iqbalkaur