ਅਗਵਾਕਰਤਾ ''ਤੇ ਇਸ ਤਰ੍ਹਾਂ ਭਾਰੀ ਪਿਆ 9 ਸਾਲ ਦਾ ਬੱਚਾ

11/18/2017 12:31:07 PM

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ 9 ਸਾਲ ਦਾ ਬੱਚਾ ਆਪਣੇ ਸਾਹਸ ਕਾਰਨ ਅਗਵਾਕਰਤਾ ਦੇ ਚੰਗੁਲ ਤੋਂ ਬਚ ਨਿਕਲਣ 'ਚ ਕਾਮਯਾਬ ਹੋ ਗਿਆ। ਭੋਪਾਲ ਦੇ ਗੋਵਿੰਦਪੁਰਾ 'ਚ ਬੁੱਧਵਾਰ ਨੂੰ ਅਗਵਾਕਰਤਾ ਤੋਂ ਬਚਣ 'ਚ ਕਾਮਯਾਬ ਹੋਣ ਵਾਲਾ ਇਹ ਬੱਚਾ ਇਕ ਸਥਾਨਕ ਸਕੂਲ ਦੀ ਤੀਜੀ ਜਮਾਤ ਦਾ ਵਿਦਿਆਰਥੀ ਹੈ, ਜਿਸ ਨੂੰ ਸਕੂਲ ਤੋਂ ਆਉਣ ਦੌਰਾਨ ਅਗਵਾ ਕਰ ਲਿਆ ਗਿਆ ਸੀ। ਅਗਵਾਕਰਤਾ ਦੇ ਚੰਗੁਲ ਤੋਂ ਬਚਣ ਤੋਂ ਬਾਅਦ ਵਿਦਿਆਰਥੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਸਕੂਲ ਤੋਂ ਆਉਣ ਦੌਰਾਨ ਇਕ ਨਕਾਬਪੋਸ਼ ਬਾਈਕ ਸਵਾਰ ਨੇ ਅਗਵਾ ਕਰ ਲਿਆ ਸੀ। ਜਦੋਂ ਉਹ ਸਕੂਲ ਤੋਂ ਪੈਦਲ ਘਰ ਵਾਪਸ ਆ ਰਿਹਾ ਸੀ, ਉਸ ਦੌਰਾਨ ਇਕ ਬਾਈਕ ਸਵਾਰ ਨੇ ਅਚਾਨਕ ਉਸ ਨੂੰ ਫੜ ਲਿਆ ਅਤੇ ਆਪਣੇ ਹੱਥਾਂ ਨਾਲ ਉਸ ਦਾ ਮੂੰਹ ਦਬਾ ਕੇ ਉਸ ਨੂੰ ਕਿਤੇ ਲੈ ਗਿਆ।
ਬੱਚੇ ਨੇ ਦੱਸਿਆ ਕਿ ਉਸ ਨੂੰ ਅਗਵਾ ਕਰਨ ਤੋਂ ਬਾਅਦ ਅਗਵਾਕਰਤਾ ਨੇ ਉਸ ਨੂੰ ਡਰੱਗ ਰਾਹੀਂ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਬੱਚੇ ਨੇ ਉਸ ਦੇ ਹੱਥ 'ਤੇ ਦੰਦ ਨਾਲ ਕੱਟ ਦਿੱਤਾ। ਦੰਦ ਕੱਟਦੇ ਹੀ ਅਗਵਾਕਰਤਾ ਦੀ ਪਕੜ ਕਮਜ਼ੋਰ ਹੋਈ ਅਤੇ ਬੱਚੇ ਉੱਥੋਂ ਦੌੜਨ 'ਚ ਕਾਮਯਾਬ ਹੋ ਗਿਆ। ਉੱਥੋਂ ਦੌੜਨ ਤੋਂ ਬਾਅਦ ਬੱਚੇ ਨੇ ਸਕੂਲ ਦੇ ਦੂਜੇ ਸਾਥੀ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਸ ਨੇ ਉੱਥੇ ਮੌਜੂਦ ਲੋਕਾਂ ਤੋਂ ਮਦਦ ਮੰਗੀ। ਬੱਚੇ ਅਨੁਸਾਰ ਦੌੜਨ ਦੌਰਾਨ ਅਗਵਾਕਰਤਾ ਨੇ ਉਸ ਨੂੰ ਕਿਹਾ ਕਿ ਇਸ ਵਾਰ ਤਾਂ ਉਹ ਛੁੱਟ ਗਿਆ ਹੈ ਪਰ ਉਹ ਜਲਦ ਹੀ ਉਸ ਨੂੰ ਫਿਰ ਫੜ ਲਵੇਗਾ।