ਸੁਰੱਖਿਆ ਕਰਮੀਆਂ ਨੇ 9 ਨਕਸਲੀ ਕੀਤੇ ਢੇਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ

04/02/2024 2:00:37 PM

ਬੀਜਾਪੁਰ (ਭਾਸ਼ਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਵੱਡੀ ਅੱਤਵਾਦ ਵਿਰੋਧੀ ਮੁਹਿੰਮ 'ਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ 'ਚ 9 ਨਕਸਲੀ ਮਾਰੇ ਗਏ। ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਖੇਤਰ ਦੇ ਅਧੀਨ ਆਉਂਦਾ ਹੈ, ਜਿੱਥੇ 19 ਅਪ੍ਰੈਲ ਨੂੰ ਆਮ ਚੋਣਾਂ ਦੇ ਪਹਿਲੇ ਗੇੜ 'ਚ ਵੋਟਿੰਗ ਹੋਵੇਗੀ। ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਮੁਕਾਬਲਾ ਸਵੇਰੇ ਕਰੀਬ 6 ਵਜੇ ਗੰਗਾਲੂਰ ਥਾਣਾ ਖੇਤਰ ਦੇ ਲੇਂਡ੍ਰਾ ਪਿੰਡ ਕੋਲ ਜੰਗਲ 'ਚ ਹੋਇਆ, ਜਦੋਂ ਸੁਰੱਖਿਆ ਕਰਮੀਆਂ ਦੀ ਇਕ ਸੰਯੁਕਤ ਟੀਮ ਨਕਸਲ ਵਿਰੋਧੀ ਮੁਹਿੰਮ 'ਤੇ ਨਿਕਲੀ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ, ਵਿਸ਼ੇਸ਼ ਕਾਰਜ ਫ਼ੋਰਸ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਅਤੇ ਇਸ ਦੀ ਵਿਸ਼ੇਸ਼ ਇਕਾਈ ਕਮਾਂਡੋ ਬਟਾਲੀਅਨ ਫਾਰ ਰਿਜੋਲਿਊਟ ਐਕਸ਼ਨ (ਕੋਬਰਾ) ਨਾਲ ਸੰਬੰਧਤ ਕਰਮੀ ਆਪਰੇਸ਼ਨ 'ਚ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਗੋਲੀਬਾਰੀ ਰੁਕਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਤੋਂ ਚਾਰ ਨਕਸਲੀਆਂ ਦੀਆਂ ਲਾਸ਼ਾਂ, ਇਕ ਲਾਈਟ ਮਸ਼ੀਨ ਗਨ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਬਾਅਦ 'ਚ ਮੁਕਾਬਲੇ ਵਾਲੀ ਜਗ੍ਹਾ 'ਤੇ 5 ਹੋਰ ਲਾਸ਼ਾਂ ਮਿਲੀਆਂ। ਆਈ.ਜੀ. ਨੇ ਕਿਹਾ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਦੱਸਣਯੋਗ ਹੈ ਕਿ ਨਕਸਲੀ ਹਰ ਸਾਲ ਮਾਰਚ ਤੋਂ ਜੂਨ ਦਰਮਿਆਨ ਗਰਮੀ ਦੀ ਮੌਸਮ 'ਚ ਟੈਕਟੀਕਲ ਕਾਊਂਟਰ ਆਫੈਂਸਿਵ ਕੈਂਪੇਨ (ਟੀ.ਸੀ.ਓ.ਸੀ.) ਚਲਾਉਂਦੇ ਹਨ ਅਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੰਦੇ ਹਨ। ਇਸ ਦੌਰਾਨ ਬਸਤਰ ਖੇਤਰ 'ਚ ਸੁਰੱਖਿਆ ਫ਼ੋਰਸਾਂ 'ਤੇ ਵੱਡੀ ਗਿਣਤੀ 'ਚ ਹਮਲੇ ਹੋਏ ਹਨ। ਪੁਲਸ ਨੇ ਪਹਿਲਾਂ ਕਿਹਾ ਸੀ ਕਿ 27 ਮਾਰਚ ਨੂੰ ਬੀਜਾਪੁਰ ਦੇ ਬਾਸਾਗੁੜਾ ਇਲਾਕੇ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 6 ਨਕਸਲੀ ਮਾਰੇ ਗਏ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ, ਇਸ ਸਾਲ ਹੁਣ ਤੱਕ ਬੀਜਾਪੁਰ ਜ਼ਿਲ੍ਹੇ ਸਮੇਤ ਬਸਤਰ ਖੇਤਰ 'ਚ ਸੁਰੱਖਿਆ ਫ਼ੋਰਸਾਂ ਨਾਲ ਹੋਏ ਵੱਖ-ਵੱਖ ਮੁਕਾਬਲਿਆਂ 'ਚ 41 ਨਕਸਲੀ ਮਾਰੇ ਗਏ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

DIsha

This news is Content Editor DIsha