ਚਿਤਾਵਨੀ ਦੇ ਬਾਵਜੂਦ 82 ਸਾਬਕਾ ਸੰਸਦ ਮੈਂਬਰਾਂ ਨੇ ਖਾਲੀ ਨਹੀਂ ਕੀਤੇ ਬੰਗਲੇ

09/15/2019 3:14:46 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਲੁਟੀਅਨਜ਼ ਜ਼ੋਨ 'ਚ 82 ਸਾਬਕਾ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਇਕ ਪੈਨਲ ਤੋਂ ਸਖਤ ਚਿਤਾਵਨੀ ਮਿਲਣ ਤੋਂ ਬਾਅਦ ਵੀ ਬੰਗਲੇ ਖਾਲੀ ਨਹੀਂ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕ ਆਵਾਸ (ਅਣਅਧਿਕਾਰਤ ਕਬਜ਼ਾ ਖਾਲੀ ਕਰਾਉਣਾ) ਐਕਟ ਤਹਿਤ ਸਰਕਾਰ ਇਨ੍ਹਾਂ ਸਾਬਕਾ ਸੰਸਦ ਮੈਂਬਰਾਂ 'ਤੇ ਕਾਰਵਾਈ ਕਰਨ 'ਤੇ ਵਿਚਾਰ ਕਰ ਰਹੀ ਹੈ। ਸੀ. ਆਰ. ਪਾਟਿਲ ਦੀ ਅਗਵਾਈ ਵਿਚ ਲੋਕ ਸਭਾ ਆਵਾਸ ਕਮੇਟੀ ਨੇ 19 ਅਗਸਤ ਨੂੰ ਕਰੀਬ 200 ਸਾਬਕਾ ਸੰਸਦ ਮੈਂਬਰਾਂ ਨੂੰ ਇਕ ਹਫਤੇ ਦੇ ਅੰਦਰ ਬੰਗਲੇ ਖਾਲੀ ਕਰਨ ਦਾ ਹੁਕਮ ਦਿੱਤਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ 3 ਦਿਨਾਂ ਦੇ ਅੰਦਰ ਬਿਜਲੀ, ਪਾਣੀ ਅਤੇ ਗੈਸ ਕੁਨੈਕਸ਼ਨ ਕੱਟਣ ਦਾ ਹੁਕਮ ਦਿੱਤਾ ਸੀ। ਕਮੇਟੀ ਦੇ ਹੁਕਮ ਮਗਰੋਂ ਜ਼ਿਆਦਾਤਰ ਸਾਬਕਾ ਸੰਸਦ ਮੈਂਬਰਾਂ ਨੇ ਬੰਗਲੇ ਖਾਲੀ ਕਰ ਦਿੱਤੇ ਪਰ 82 ਸੰਸਦ ਮੈਂਬਰਾਂ ਨੇ ਹੁਣ ਵੀ ਮੌਜੂਦਾ ਸੂਚੀ ਮੁਤਾਬਕ ਬੰਗਲਾ ਖਾਲੀ ਨਹੀਂ ਕੀਤਾ ਹੈ। 

ਲੋਕ ਸਭਾ ਆਵਾਸ ਕਮੇਟੀ ਦੇ ਸੂਤਰਾਂ ਮੁਤਾਬਕ ਇਹ ਨਾ-ਮਨਜ਼ੂਰ ਹੈ ਅਤੇ ਇਸ ਤਰ੍ਹਾਂ ਦੇ ਸਾਬਕਾ ਸੰਸਦ ਮੈਂਬਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਸੰਸਦ ਦੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਦਾ ਹੁਕਮ ਦਿੱਤਾ ਜਾਵੇਗਾ। ਜਿਵੇਂ ਹੀ ਬੰਗਲਾ ਖਾਲੀ ਕਰਾਉਣ ਦਾ ਹੁਕਮ ਪਾਸ ਹੋ ਜਾਵੇਗਾ, ਉਨ੍ਹਾਂ ਦੇ ਬੰਗਲਿਆਂ ਦੀ ਬਿਜਲੀ, ਪਾਣੀ ਅਤੇ ਖਾਣਾ ਬਣਾਉਣ ਵਾਲੀ ਗੈਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਨਿਯਮ ਮੁਤਾਬਕ ਸਾਬਕਾ ਸੰਸਦ ਮੈਂਬਰਾਂ ਨੂੰ ਸੰਬੰਧਿਤ ਬੰਗਲਾ ਲੋਕ ਸਭਾ ਭੰਗ ਹੋਣ ਦੇ ਇਕ ਮਹੀਨੇ ਦੇ ਅੰਦਰ ਖਾਲੀ ਕਰਨਾ ਪੈਂਦਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ 25 ਮਈ 2019 ਨੂੰ ਭੰਗ ਕਰ ਦਿੱਤੀ ਸੀ।

Tanu

This news is Content Editor Tanu