ਬੇਟੀ ਸਮੇਤ 7 ਦਲਿਤ ਲੜਕੀਆਂ ਦਾ ਵਿਅਕਤੀ ਨੇ ਕਰਵਾਇਆ ਵਿਆਹ

04/27/2018 3:04:32 PM

ਪਾਲਨਪੁਰ— ਗੁਜਰਾਤ ਦੇ ਬਨਾਸਕਾਠਾ ਜ਼ਿਲੇ 'ਚ ਰਹਿਣ ਵਾਲੇ ਅਮੂਰਤ ਦੇਸਾਈ ਨੇ ਆਪਣੀ ਬੇਟੀ ਦੇ ਵਿਆਹ 'ਚ 7 ਹੋਰ ਦਲਿਤ ਲੜਕੀਆਂ ਦਾ ਵੀ ਵਿਆਹ ਕਰਕੇ ਮਿਸਾਲ ਕਾਇਮ ਕੀਤੀ ਹੈ। ਇੱਕਠੇ 8 ਵਿਆਹ ਦਾ ਨਜ਼ਾਰਾ ਦੇਖਣ ਵਾਲਾ ਸੀ। ਇਹ ਵਿਆਹ ਪਾਲਨਪੁਰ ਦੇ ਅਜੀਮਨਾ ਪਿੰਡ ਤੋਂ 7 ਕਿਲੋਮੀਟਰ ਦੂਰ ਪਾਟਨ ਟਾਊਨ 'ਚ ਵੀਰਵਾਰ ਨੂੰ ਹੋਇਆ। ਵਿਆਹ 'ਚ ਕਰੀਬ 3 ਹਜ਼ਾਰ ਲੋਕ ਸ਼ਾਮਲ ਹੋਏ। 
ਵਿਆਹ ਦਾ ਸਾਰਾ ਖਰਚ ਅਮੂਰਤ ਦੇਸਾਈ ਨੇ ਚੁੱਕਿਆ। ਦਲਿਤ ਬੇਟੀਆਂ ਦਾ ਵਿਆਹ ਕਰਵਾਉਣ ਵਾਲੇ ਅਮੂਰਤ ਦੇਸਾਈ ਨੇ ਸਾਰੀਆਂ ਲੜਕੀਆਂ ਨੂੰ ਵਿਆਹ ਦੇ ਬਾਅਦ ਘਰ 'ਚ ਵਰਤੋਂ ਕੀਤੀ ਜਾਣ ਵਾਲੀਆਂ ਚੀਜ਼ਾਂ ਵੀ ਦਿੱਤੀਆਂ ਤਾਂ ਜੋ ਉਹ ਆਪਣਾ ਜੀਵਨ ਸ਼ੁਰੂ ਕਰ ਸਕਣ। ਅਮੂਰਤ ਨੇ ਦਲਿਤ ਲੜਕੀਆਂ ਦਾ ਵਿਆਹ ਕਰਵਾਉਣ 'ਤੇ ਕਿਹਾ ਕਿ ਵਿਆਹ ਪ੍ਰੋਗਰਾਮ 'ਚ ਦਲਿਤ ਲੜਕੀਆਂ ਦਾ ਵਿਆਹ ਕਰਵਾ ਕੇ ਮੈਂ ਸਮਾਜ 'ਚ ਸਾਲਾਂ ਤੋਂ ਚੱਲੀ ਆ ਰਹੀ ਜਾਤੀਗਤ ਭੇਦਭਾਵ ਦੀ ਬੁਰਾਈ ਨੂੰ ਦੂਰ ਕਰਨਾ ਚਾਹੁੰਦਾ ਸੀ। 
ਉਨ੍ਹਾਂ ਨੇ ਕਿਹਾ ਕਿ ਇਸ ਲਈ ਮੈਂ ਆਪਣੀ ਬੇਟੀ ਨਾਲ ਦਲਿਤ ਲੜਕੀਆਂ ਦੇ ਵੀ ਵਿਆਹ ਦੀ ਵਿਵਸਥਾ ਕੀਤੀ। ਮੈਂ ਪਹਿਲੇ ਆਪਣੀ ਬੇਟੀ ਅਤੇ ਉਸ ਦੇ ਸਹੁਰੇ ਘਰਦਿਆਂ ਦੀ ਮਨਜ਼ੂਰੀ ਲਈ, ਫਿਰ ਪਿੰਡ ਵਾਸੀਆਂ ਨਾਲ ਇਸ 'ਤੇ ਵਿਚਾਰ ਕੀਤਾ। ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਨਾਲ ਹੀ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਇੱਛਾ ਵੀ ਜਾਹਿਰ ਕੀਤੀ। ਸੋਨੇ ਦੇ ਗਹਿਣੇ ਅਤੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਉਨ੍ਹਾਂ ਦਾ ਵਿਆਹ ਸੰਪਨ ਹੋਇਆ।