600 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲੇਗੀ ਭਾਰਤੀ ਰੇਲ

07/22/2017 1:55:35 AM

ਨਵੀਂ ਦਿੱਲੀ— ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਸਰਕਾਰ ਦੀ ਰੇਲ ਗੱਡੀਆਂ ਦੀ ਰਫ਼ਤਾਰ ਵਧਾ ਕੇ 600 ਕਿਲੋਮੀਟਰ ਪ੍ਰਤੀ ਘੰਟਾ ਕਰਨ 'ਤੇ ਨਜ਼ਰ ਹੈ ਅਤੇ ਇਸ ਦੇ ਲਈ ਉਹ ਐਪਲ ਵਰਗੀਆਂ ਕੌਮਾਂਤਰੀ ਤਕਨੀਕੀ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਰੇਲ ਮੰਤਰੀ ਨੇ ਇਹ ਵੀ ਕਿਹਾ ਕਿ ਨੀਤੀ ਕਮਿਸ਼ਨ ਨੇ 2 ਸਭ ਤੋਂ ਵੱਧ ਵਿਅਸਤ ਮਾਰਗਾਂ 'ਤੇ ਗਤੀਮਾਨ ਐਕਸਪ੍ਰੈੱਸ ਦੀ ਰਫਤਾਰ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। 
ਉਦਯੋਗ ਮੰਡਲ ਐਸੋਚੈਮ ਦੇ ਇਕ ਪ੍ਰੋਗਰਾਮ 'ਚ ਪ੍ਰਭੂ ਨੇ ਕਿਹਾ ਕਿ ਇਸ ਮਨਜ਼ੂਰੀ ਦੇ ਨਾਲ ਗਤੀਮਾਨ ਐਕਸਪ੍ਰੈੱਸ ਦੀ ਰਫਤਾਰ ਵਧ ਕੇ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋ ਜਾਵੇਗੀ। ਉਨ੍ਹਾਂ ਕਿਹਾ, ''ਤੁਸੀਂ ਖੁਦ ਇਸ ਦੀ ਕਲਪਨਾ ਕਰ ਸਕਦੇ ਹੋ ਕਿ ਇਸ ਨਾਲ ਯਾਤਰਾ ਸਮੇਂ 'ਚ ਕਿੰਨੀ ਬੱਚਤ ਹੋਵੇਗੀ।
ਹਾਈ-ਸਪੀਡ ਰੇਲ ਪ੍ਰੋਜੈਕਟਾਂ 'ਤੇ 18,000 ਕਰੋੜ ਦੇ ਨਿਵੇਸ਼ ਨੂੰ ਨੀਤੀ ਕਮਿਸ਼ਨ ਦੀ ਮਨਜ਼ੂਰੀ
ਨੀਤੀ ਕਮਿਸ਼ਨ ਨੇ ਦਿੱਲੀ-ਮੁੰਬਈ ਅਤੇ ਦਿੱਲੀ-ਕੋਲਕਾਤਾ ਮਾਰਗਾਂ 'ਤੇ ਹਾਈ-ਸਪੀਡ ਰੇਲ ਪ੍ਰੋਜੈਕਟਾਂ ਲਈ 18,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਭੂ ਨੇ ਕਿਹਾ, ''ਅਸੀਂ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੀ ਦੇਸ਼ ਦੀ ਸਭ ਤੋਂ ਉੱਚ ਰਫ਼ਤਾਰ ਵਾਲੀ ਟਰੇਨ ਗਤੀਮਾਨ ਐਕਸਪ੍ਰੈੱਸ 'ਤੇ ਕੰਮ ਕਰ ਰਹੇ ਹਾਂ। ਨਾਲ ਹੀ ਮੁੰਬਈ-ਦਿੱਲੀ ਅਤੇ ਦਿੱਲੀ-ਕੋਲਕਾਤਾ ਮਾਰਗਾਂ 'ਤੇ ਜ਼ਿਆਦਾਤਰ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੀਆਂ ਟਰੇਨਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ 'ਤੇ 18,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਨੀਤੀ ਕਮਿਸ਼ਨ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ।