ਮੁੰਬਈ : ਗਟਰ ''ਚ ਡਿੱਗਿਆ 6 ਸਾਲ ਦਾ ਮਾਸੂਮ, ਲਾਸ਼ ਬਰਾਮਦ

09/05/2019 2:00:27 PM

ਮੁੰਬਈ— ਮੁੰਬਈ ਵਿਚ ਬੁੱਧਵਾਰ ਨੂੰ ਪਈ ਭਾਰੀ ਬਾਰਿਸ਼ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਥਾਂ-ਥਾਂ ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਭਾਰੀ ਬਾਰਿਸ਼ ਕਾਰਨ ਮੁੰਬਈ 'ਚ ਇਕ ਵਾਰ ਫਿਰ ਬੱਚੇ ਦੇ ਗਟਰ 'ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਨਾਲਾਸੋਪਾਰਾ ਇਲਾਕੇ ਵਿਚ ਬੁੱਧਵਾਰ ਸ਼ਾਮ ਨੂੰ ਗਟਰ ਵਿਚ ਵਹਿ ਕੇ 6 ਸਾਲ ਦੇ ਇਕ ਮਾਸੂਮ ਬੱਚੇ ਦੀ ਜਾਨ ਚੱਲੀ ਗਈ। ਕਈ ਘੰਟੇ ਬਚਾਅ ਆਪਰੇਸ਼ਨ ਚੱਲਿਆ ਪਰ ਬੱਚੇ ਦੀ ਲਾਸ਼ ਬਰਾਮਦ ਕੀਤੀ ਜਾ ਸਕੀ। 
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਮੁੰਬਈ ਵਿਚ ਪੈ ਰਹੀ ਤੇਜ਼ ਬਾਰਿਸ਼ ਕਾਰਨ ਕਈ ਗਟਰ ਖੋਲ੍ਹੇ ਗਏ ਸਨ। ਇਸ ਦੌਰਾਨ ਇਕ 6 ਸਾਲ ਦਾ ਬੱਚਾ ਗਟਰ 'ਚ ਡਿੱਗ ਗਿਆ। ਬੱਚਾ ਸ਼ਾਮ ਕਰੀਬ 5 ਵਜੇ ਆਪਣੀ ਭੈਣ ਨਾਲ ਖੇਡ ਰਿਹਾ ਸੀ।  ਸਥਾਨਕ ਪੁਲਸ ਨਾਲ ਬਚਾਅ ਦਲ ਨੇ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਸੀ। ਘਟਨਾ ਤੋਂ ਬਾਅਦ ਬੱਚੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। 
ਦੱਸਣਯੋਗ ਹੈ ਕਿ ਮੁੰਬਈ ਦੇ ਗੋਰੇਗਾਂਵ 'ਚ 3 ਸਾਲ ਦਾ ਮਾਸੂਮ ਗਟਰ ਵਿਚ ਡਿੱਗ ਗਿਆ ਸੀ। ਜਿਸ ਦਾ ਕਈ ਦਿਨਾਂ ਤਕ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ ਸੀ। ਬੱਚੇ ਦੇ ਡਿੱਗਣ ਦੀ ਪੂਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਸੀ। ਬੱਚੇ ਦੇ ਪਛਾਣ ਦਿਵਯਾਂਸ਼ੂ ਦੇ ਤੌਰ 'ਤੇ ਹੋਈ ਸੀ।

Tanu

This news is Content Editor Tanu