ਦੁਰਗਾ ਮਾਂ ਨੂੰ ਪਹਿਨਾਈ ਗਈ 6 ਕਰੋੜ ਦੀ ਸਾੜੀ

09/26/2017 5:31:12 PM

ਕੋਲਕਾਤਾ— ਪੱਛਮੀ ਬੰਗਾਲ ਦਾ ਮਹਾਨਗਰ ਕੋਲਕਾਤਾ ਦੁਰਗਾ ਪੂਜਾ ਲਈ ਮਸ਼ਹੂਰ ਹੈ। ਇਸ ਵਾਰ ਇੱਥੇ ਦੁਰਗਾ ਪੂਜਾ 'ਤੇ ਅਜਿਹਾ ਕੁਝ ਖਾਸ ਹੋਣ ਵਾਲਾ ਹੈ ਕਿ ਜਿਸ ਦੀ ਚਰਚਾ ਹੁਣ ਤੋਂ ਹੋਣੀ ਸ਼ੁਰੂ ਹੋ ਗਈ ਹੈ। ਜੀ ਹਾਂ ਇਸ ਵਾਰ ਕੋਲਕਾਤਾ 'ਚ ਦੁਰਗਾ ਪੂਜਾ 'ਤੇ ਜਿੱਥੇ ਲੰਡਨ ਦੀ ਤਰਜ 'ਤੇ ਪੰਡਾਲ ਸਜੇਗਾ ਉੱਥੇ ਹੀ ਦੁਰਗਾ ਮਾਂ ਦੀ ਮੂਰਤੀ ਨੂੰ 22 ਕਿਲੋ ਸੋਨੇ ਦੀ ਸਾੜੀ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਸਾੜੀ ਇੰਨੀ ਸੁੰਦਰ ਬਣਾਈ ਗਈ ਹੈ ਕਿ ਇਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਫਟੀਆਂ ਰਹਿ ਜਾਣਗੀਆਂ। 
6 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਸੋਨੇ ਦੀ ਸਾੜੀ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਗਨੀਮਿਤਰਾ ਪਾਲ ਨੇ ਤਿਆਰ ਕੀਤਾ ਹੈ। 22 ਕੈਰੇਟ ਸੋਨੇ ਨਾਲ ਤਿਆਰ ਇਸ ਸਾੜੀ ਨੂੰ ਬਣਾਉਣ 'ਚ 50 ਕਾਰੀਗਰਾਂ ਨੇ ਢਾਈ ਮਹੀਨੇ ਤੱਕ ਦਿਨ ਰਾਤ ਮਿਹਨਤ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕੋਲਕਾਤਾ ਨੂੰ ਲੰਡਨ ਬਣਾਉਣ ਦੇ ਸੁਪਨੇ ਨੂੰ ਇੱਥੇ ਮੂਰਤ ਰੂਪ ਦਿੱਤਾ ਗਿਆ ਹੈ। ਇੱਥੇ ਲੰਡਨ ਦਾ ਬਿਗ ਬੇਨ, ਲੰਡਨ ਆਈ, ਬਕਿੰਘਮ ਪੈਲੇਸ, ਲੰਡਨ ਬਰਿੱਜ ਅਤੇ ਮੈਡਮ ਤੁਸਾਦ ਮਿਊਜ਼ੀਅਮ ਵੀ ਦਿਖੇਗਾ। ਲਾਈਟ ਬਿਲਕੁੱਲ ਲੰਡਨ ਦੀ ਤਰਜ 'ਤੇ ਸਜਾਈ ਗਈ ਹੈ।