13 ਅਕਤੂਬਰ ਨੂੰ ਦੇਸ਼ ਦੇ 54,000 ਪੈਟਰੋਲ ਪੰਪ ਰਹਿਣਗੇ ਬੰਦ

Saturday, Oct 07, 2017 - 07:58 PM (IST)

ਨਵੀਂ ਦਿੱਲੀ(ਇੰਟ.)— 13 ਅਕਤੂਬਰ ਨੂੰ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਦਿਨ ਦੇਸ਼ ਦੇ ਕਰੀਬ 54,000 ਪੈਟਰੋਲ ਪੰਪ ਬੰਦ ਰਹਿਣਗੇ। ਹਾਲਾਂਕਿ ਇਹ ਬੰਦ ਸਿਰਫ ਇਕ ਦਿਨ ਲਈ ਹੀ ਹੋਵੇਗਾ। ਅਸਲ 'ਚ ਪੈਟਰੋਲ ਪੰਪ ਡੀਲਰਜ਼ ਇੰਧਨ ਦੇ ਰੋਜ਼ਾਨਾ ਵਾਧੇ ਤੋਂ ਵੀ ਨਾਰਾਜ਼ ਹਨ ਤੇ ਉਨ੍ਹਾਂ ਦੀ ਮੰਗ ਹੈ ਕਿ ਪੈਟਰੋਲੀਅਮ ਉਤਪਾਦਾਂ ਨੂੰ ਵੀ ਜੀ.ਐੱਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇ। ਇਸ ਦੇ ਮੱਦੇਨਜ਼ਰ ਪੈਟਰੋਲ ਪੰਪ ਡੀਲਰਜ਼ ਨੇ ਇਕ ਦਿਨ ਦੀ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਇਹ ਹੜਤਾਲ ਕਾਫੀ ਦਿਨਾਂ ਤੋਂ ਲਟਕੀਆਂ ਹੋਈਆਂ ਪੈਟਰੋਲ ਪੰਪ ਡੀਲਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ।
ਫੈਡਰੇਸ਼ਨ ਆਫ ਮਹਾਰਾਸ਼ਟਰ ਪੈਟਰੋਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਉਦੈ ਲੋਡ ਨੇ ਕਿਹਾ ਕਿ ਇਹ ਫੈਸਲਾ ਯੂਨਾਈਟਡ ਪੈਟਰੋਲੀਅਮ ਫ੍ਰੰਟ ਦੀ ਪਹਿਲੀ ਜੁਆਇੰਟ ਮੀਟਿੰਗ 'ਚ ਲਿਆ ਗਿਆ ਹੈ। ਪੈਟਰੋਲ ਪੰਪ ਡੀਲਰਜ਼ ਦੀ ਮੰਗ ਹੈ ਕਿ 4 ਨਵੰਬਰ 2016 ਨੂੰ ਤੇਲ ਮਾਰਕੀਟਿੰਗ ਕੰਪਨੀਆਂ ਦੇ ਨਾਲ ਕੀਤੇ ਗਏ ਸਮਝੋਤੇ ਨੂੰ ਲਾਗੂ ਕੀਤਾ ਜਾਵੇ, ਮਾਰਕੀਟਿੰਗ ਅਨੁਸ਼ਾਸਨ ਦਿਸ਼ਾਨਿਰਦੇਸ਼ ਦੇ ਤਹਿਤ ਲਾਏ ਜਾਣ ਵਾਲੇ ਜੁਰਮਾਨਿਆਂ ਨੂੰ ਖਤਮ ਕੀਤਾ ਜਾਵੇ।
ਟਰੱਕ ਮਾਲਕਾਂ ਦੀ ਹੜਤਾਲ ਸੋਮਵਾਰ ਤੋਂ
ਟਰੱਕ ਮਾਲਕਾਂ ਤੇ ਡਰਾਈਵਰਾਂ ਨੇ 36 ਘੰਟਿਆਂ ਦੀ ਰਾਸ਼ਟਰਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ, ਜੋ 9 ਅਕਤੂਬਰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਕਲਕੱਤਾ ਗੁਡਜ਼ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਭਾਤ ਕੁਮਾਰ ਮਿੱਤਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਪਰਿਵਾਹਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਤੇ ਹੋਰ ਟ੍ਰਾਂਸਪੋਰਟ ਐਸੋਸੀਏਸ਼ਨਾਂ ਨੇ ਦੋ ਦਿਨਾਂ ਦੀ ਰਾਸ਼ਟਰੀ ਹੜਤਾਲ ਦਾ ਸੱਦਾ ਦਿੱਤਾ ਹੈ, ਜੋ 9 ਅਕਤੂਬਰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ 10 ਅਕਤੂਬਰ ਨੂੰ ਸ਼ਾਮ 8 ਵਜੇ ਖਤਮ ਹੋਵੇਗੀ।


Related News