ਝਾਰਖੰਡ ਅਸੈਂਬਲੀ ਚੋਣਾਂ ਦੇ 5ਵੇਂ ਪੜਾਅ ਦੌਰਾਨ 51 ਉਮੀਦਵਾਰ ਕਰੋੜਪਤੀ

12/14/2019 8:52:47 PM

ਨਵੀਂ ਦਿੱਲੀ – ਝਾਰਖੰਡ ਅਸੈਂਬਲੀ ਚੋਣਾਂ ਵਿਚ ਏ. ਡੀ. ਆਰ. ਨੇ 5ਵੇਂ ਪੜਾਅ ਦੀਆਂ 16 ਅਸੈਂਬਲੀ ਸੀਟਾਂ ’ਤੇ ਖੜ੍ਹੇ 237 ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਔਸਤ ਸਭ ਉਮੀਦਵਾਰ 1.31 ਕਰੋੜ ਦੀ ਜਾਇਦਾਦ ਦੇ ਮਾਲਕ ਹਨ। 51 ਉਮੀਦਵਾਰ ਕਰੋੜਪਤੀ ਹਨ। ਇਹ ਕੁਲ ਉਮੀਦਵਾਰਾਂ ਦਾ 22 ਫੀਸਦੀ ਬਣਦੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਜਾਇਦਾਦ ਵਾਲੇ 3 ਉਮੀਦਵਾਰਾਂ ਵਿਚੋਂ ਲੋਜਪਾ ਦੇ ਬਿਰੇਂਦਰਾ ਪ੍ਰਧਾਨ ਕੋਲ 37 ਕਰੋੜ ਦੀ ਜਾਇਦਾਦ ਹੈ। ਆਜਸੁ ਦੇ ਅਕੀਲ ਅਖਤਰ 37 ਕਰੋੜ ਦੀ ਜਾਇਦਾਦ ਦੇ ਮਾਲਕ ਹਨ, ਜਦਕਿ ਬਸਪਾ ਦੇ ਆਨੰਦ ਝਾਅ ਕੋਲ 21 ਕਰੋੜ ਦੀ ਜਾਇਦਾਦ ਹੈ। ਸਭ ਤੋਂ ਘੱਟ ਜਾਇਦਾਦ ਵਾਲੇ 3 ਉਮੀਦਵਾਰਾਂ ਵਿਚ ਆਈ. ਐੱਨ. ਡੀ. ਦੇ ਇਲਿਆਸ ਕੋਲ ਸਿਰਫ 41 ਹਜ਼ਾਰ ਰੁਪਏ ਦੀ ਜਾਇਦਾਦ ਹੈ। ਬਾਲੀਰਾਜਾ ਪਾਰਟੀ ਦੇ ਚੰਦਨ ਕੁਮਾਰ 50 ਹਜ਼ਾਰ ਰੁਪਏ ਦੀ ਜਾਇਦਾਦ ਦੇ ਮਾਲਕ ਹਨ, ਜਦਕਿ ਲੋਜਪਾ ਦੇ ਮੁਸ਼ਤਾਕ ਕੋਲ ਸਿਰਫ 51 ਹਜ਼ਾਰ ਰੁਪਏ ਦੀ ਜਾਇਦਾਦ ਹੈ।

ਭਾਜਪਾ ਦੇ 16 ਉਮੀਦਵਾਰਾਂ ਦੀ ਔਸਤ ਜਾਇਦਾਦ 2 ਕਰੋੜ 17 ਲੱਖ ਰੁਪਏ ਹੈ। ਝਾਰਖੰਡ ਵਿਕਾਸ ਮੋਰਚਾ ਦੇ 16 ਉਮੀਦਵਾਰਾਂ ਕੋਲ ਇਕ ਕਰੋੜ 48 ਲੱਖ ਰੁਪਏ ਦੀ ਔਸਤ ਜਾਇਦਾਦ ਹੈ। ਬਸਪਾ ਦੇ 12 ਉਮੀਦਵਾਰਾਂ ਕੋਲ 2 ਕਰੋੜ 31 ਲੱਖ ਅਤੇ ਆਜਸੁ ਦੇ 12 ਉਮੀਦਵਾਰਾਂ ਕੋਲ 4 ਕਰੋੜ 36 ਲੱਖ ਰੁਪਏ ਦੀ ਔਸਤ ਜਾਇਦਾਦ ਹੈ। ਕਾਂਗਰਸ ਦੇ ਉਮੀਦਵਾਰਾਂ ਦੀ ਔਸਤ ਜਾਇਦਾਦ 3 ਕਰੋੜ 70 ਲੱਖ ਰੁਪਏ ਹੈ। ਝਾਰਖੰਡ ਮੁਕਤੀ ਮੋਰਚਾ ਦੇ 11 ਉਮੀਦਵਾਰਾਂ ਦੀ ਔਸਤ ਜਾਇਦਾਦ 3 ਕਰੋੜ 73 ਲੱਖ ਰੁਪਏ ਹੈ। 32 ਹੋਰਨਾਂ ਉਮੀਦਵਾਰਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਹੈ।

25 ਫੀਸਦੀ ਉਮੀਦਵਾਰਾਂ ਵਿਰੁੱਧ ਦਰਜ ਹਨ ਅਪਰਾਧਿਕ ਮਾਮਲੇ
ਏ. ਡੀ. ਆਰ. ਮੁਤਾਬਕ 58 ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਇਹ ਕੁਲ ਉਮੀਦਵਾਰਾਂ ਦਾ 25 ਫੀਸਦੀ ਬਣਦਾ ਹੈ। 58 ਵਿਚੋਂ 42 ਉਮੀਦਵਾਰ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਭਾਜਪਾ ਦੇ 16 ਵਿਚੋਂ 7, ਝਾਰਖੰਡ ਵਿਕਾਸ ਮੋਰਚਾ ਦੇ 16 ਵਿਚੋਂ 5, ਬਸਪਾ ਦੇ 12 ਵਿਚੋਂ 3, ਝਾਰਖੰਡ ਮੁਕਤੀ ਮੋਰਚਾ ਦੇ 11 ਵਿਚੋਂ 6, ਕਾਂਗਰਸ ਦੇ 4 ਵਿਚੋਂ 2 ਅਤੇ ਆਜਸੁ ਦੇ 12 ਵਿਚੋਂ ਇਕ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ।

5 ’ਤੇ ਔਰਤਾਂ ਵਿਰੁੱਧ ਅਪਰਾਧਿਕ ਮਾਮਲੇ
ਰਿਪੋਰਟ ਮੁਤਾਬਕ 5 ਉਮੀਦਵਾਰਾਂ ’ਤੇ ਔਰਤਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ 2 ’ਤੇ ਤਾਂ ਜਬਰ-ਜ਼ਨਾਹ ਨਾਲ ਸਬੰਧਤ ਦੋਸ਼ ਹਨ। ਇਕ ਉਮੀਦਵਾਰ ਸੂਰਿਆ ਨਾਰਾਇਣ ਜੋ ਭਾਜਪਾ ਨਾਲ ਸਬੰਧਤ ਹੈ, ਕਤਲ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ। 8 ’ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। 2 ਉਮੀਦਵਾਰਾਂ ਨੇ ਵੱਖ-ਵੱਖ ਮਾਮਲਿਆਂ ਵਿਚ ਖੁਦ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਸਬੰਧੀ ਜਾਣਕਾਰੀ ਦਿੱਤੀ ਹੈ।

Inder Prajapati

This news is Content Editor Inder Prajapati