ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 502ਵੇਂ ਟਰੱਕ ਦੀ ਰਾਹਤ ਸਮੱਗਰੀ

03/20/2019 4:12:21 AM

ਜਲੰਧਰ, (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਨ ਜੰਮੂ-ਕਸ਼ਮੀਰ ਦੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। 1990 ਦੇ ਆਸ-ਪਾਸ ਸ਼ੁਰੂ ਹੋਏ ਇਸ ਮੌਤ ਦੇ ਤਾਂਡਵ ਨੇ ਅਣਗਿਣਤ  ਸੁਹਾਗਣਾਂ ਦੇ ਸੁਹਾਗ ਉਜਾੜੇ ਤੇ ਬਹੁਤ ਸਾਰੇ ਬੱਚਿਆਂ ਨੂੰ ਅਨਾਥ ਬਣਾ ਦਿੱਤਾ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵਲੋਂ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਨੇ ਇਸ ਸੂਬੇ ਦੇ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਲੱਖਾਂ  ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ।
ਇਸ ਦੂਹਰੀ ਮਾਰ ਦਾ ਸੇਕ ਸਹਿਣ ਕਰਨ ਵਾਲੇ ਪਰਿਵਾਰਾਂ ਦੀ ਭਲਾਈ ਤੇ ਵਸੇਬੇ ਲਈ ਸਰਕਾਰਾਂ ਵਲੋਂ ਕੋਈ ਵੀ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ। ਇਹ ਕਹਿਰ ਅਜੇ  ਵੀ ਜਾਰੀ ਹੈ ਤੇ ਇਸ ਕਾਰਨ ਹਰ ਦਿਨ ਹੋਰ ਲੋਕ ਪੀੜਤ ਹੋ ਰਹੇ ਹਨ। ਇਨ੍ਹਾਂ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ  ਅਕਤੂਬਰ 1999 ਤੋਂ ਚਲਾਈ ਜਾ ਰਹੀ ਹੈ। ਇਸ ਸਿਲਸਿਲੇ  ਵਿਚ 502ਵੇਂ ਟਰੱਕ ਦੀ ਸਮੱਗਰੀ  ਬੀਤੇ ਦਿਨੀਂ ਸਾਂਬਾ ਸੈਕਟਰ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਅਜੈ ਜੈਨ ਮੈਮੋਰੀਅਲ ਪੰਛੀ ਵਿਹਾਰ ਟਰੱਸਟ (ਰਜਿ.) ਜਲੰਧਰ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ  ਪਵਿੱਤਰ ਕਾਰਜ ਵਿਚ ਟਰੱਸਟ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਜੈਨ, ਡੀ. ਪੀ. ਜੈਨ, ਹਰਬੰਸ ਲਾਲ ਗਗਨੇਜਾ ਅਤੇ ਮਦਨ ਲਾਲ ਜੈਨ ਨੇ ਵਡਮੁੱਲਾ ਯੋਗਦਾਨ ਦਿੱਤਾ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਰਜਾਈਆਂ  ਸ਼ਾਮਲ ਸਨ।
ਸਮੱਗਰੀ ਦੀ ਵੰਡ ਲਈ, ਰਾਹਤ ਟੀਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ, ਜਾਣ ਵਾਲੀ ਟੀਮ ਵਿਚ ਜਨਹਿਤ  ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ  ਡੌਲੀ ਹਾਂਡਾ,  ਰਜਿੰਦਰ ਸ਼ਰਮਾ (ਭੋਲਾ ਜੀ), ਰਾਜੇਸ਼ ਭਗਤ, ਜੰਮੂ ਤੋਂ ਪੰਜਾਬ ਕੇਸਰੀ ਦਫਤਰ ਦੇ ਇੰਚਾਰਜ ਡਾ. ਬਲਰਾਮ ਸੈਣੀ,  ਸਾਂਬਾ ਦੇ ਪ੍ਰਤੀਨਿਧੀ ਅਜੈ ਕੁਮਾਰ  ਤੇ ਵਿਜੇਪੁਰ ਦੇ ਪ੍ਰਤੀਨਿਧੀ ਸੰਜੀਵ ਕੁਮਾਰ ਵੀ ਸ਼ਾਮਲ ਸਨ।
 

Bharat Thapa

This news is Content Editor Bharat Thapa