500 ਰੁਪਏ ਦਾ ਨੋਟ ਸੁੱਟ ਕੇ ਲੁੱਟੇ 43 ਲੱਖ ਰੁਪਏ, ਜਾਣੋ ਮਾਮਲਾ

07/21/2017 10:31:16 AM

ਭੋਪਾਲ — ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਭੀੜ-ਭਾੜ ਵਾਲੇ ਐਮਪੀ ਨਗਰ ਇਲਾਕੇ 'ਚ ਇਕ ਬੈਂਕ ਦੇ ਏਟੀਐਮ 'ਚ ਰੁਪਏ ਪਾਉਣ ਆਈ ਕੈਸ਼ ਵੈਨ ਤੋਂ ਦੋ ਅਣਪਛਾਤੇ ਲੜਕਿਆਂ ਨੇ 43 ਲੱਖ ਰੁਪਇਆਂ ਨਾਲ ਭਰੀ ਹੋਈ ਪੇਟੀ ਚੋਰੀ ਕਰ ਲਈ। ਖਾਸ ਗੱਲ ਇਹ ਹੈ ਕਿ ਬਦਮਾਸ਼ਾਂ ਨੇ ਘਟਨਾ ਨੂੰ ਅੰਜਾਮ ਦੇਣ ਲਈ 500 ਰੁਪਏ ਦੇ ਨੋਟ ਦਾ ਸਹਾਰਾ ਲਿਆ।
ਭੋਪਾਲ ਦੇ ਪੁਲਸ ਸੁਪਰਡੰਟ ਸਿਧਾਰਥ ਬਹੁਗੁਣਾ ਨੇ ਦੱਸਿਆ ਕਿ ਮਹਾਰਾਣਾ ਪ੍ਰਤਾਪ ਨਗਰ ਜੋਨ-2 ਇਲਾਕੇ 'ਚ ਏਟੀਐਮ ਦੇ ਬਾਹਰ ਰੁਪਏ ਪਾਉਣ ਆਈ ਵੈਨ ਨੇ ਚਾਲਕ ਨੂੰ ਚਕਮਾ ਦੇ ਕੇ ਲੜਕਿਆਂ ਨੇ ਕੈਸ਼ ਵੈਨ 'ਚ ਪੇਟੀ 'ਚ ਰੱਖੇ 43 ਲੱਖ ਰੁਪਏ ਚੋਰੀ ਕਰ ਲਏ। ਉਨ੍ਹਾਂ ਨੇ ਦੱਸਿਆ ਕਿ ਬੈਂਕ ਆਫ ਇੰਡਿਆ ਦੇ ਏਟੀਐਮ 'ਚ ਵੈਨ ਰੁਪਏ ਪਾਉਣ ਆਈ ਸੀ।
ਚਾਲਕ ਰੋਹਿਤ ਪਰਮਾਰ ਵੈਨ ਵਿਚ ਹੀ ਬੈਠਾ ਰਿਹਾ ਜਦੋਂਕਿ ਤਿੰਨ ਲੋਕ ਰੁਪਏ ਭਰਨ ਏਟੀਐਮ ਚਲੇ ਗਏ। ਉਸੇ ਸਮੇਂ ਇਕ ਲੜਕਾ ਆਇਆ ਅਤੇ ਵੈਨ ਚਾਲਕ ਨੂੰ ਕਿਹਾ ਕਿ ਤੁਹਾਡਾ 500 ਰੁਪਏ ਦਾ ਨੋਟ ਡਿੱਗਾ ਹੈ, ਲੈ ਲਓ। ਇਸ ਗੱਲ 'ਤੇ ਜਦੋਂ ਡਰਾਈਵਰ ਥੱਲ੍ਹੇ ਉਤਰਿਆ ਤਾਂ ਲੜਕੇ ਦੇ ਦੂਸਰੇ ਸਾਥੀ ਨੇ 43 ਲੱਖ ਰੁਪਏ ਨਾਲ ਭਰੀ ਪੇਟੀ ਚੁੱਕ ਲਈ ਅਤੇ ਦੋਵੇਂ ਲੜਕੇ ਮੌਕੇ ਤੋਂ ਫਰਾਰ ਹੋ ਗਏ।
ਦੂਸਰੇ ਪਾਸੇ ਜਦੋਂ ਡਰਾਈਵਰ ਵਾਪਸ ਵੈਨ 'ਚ ਆਇਆ ਤਾਂ ਵੈਨ 'ਚ ਪਈ ਹੋਈ ਪੇਟੀ ਗਾਇਬ ਸੀ ਉਸਨੇ ਇਸ ਗੱਲ ਦੀ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੱਤੀ। ਏਟੀਐਮ ਦੇ ਕੋਲ ਲੱਗੇ ਸੀਸੀਟੀਵੀ ਕੈਮਰੇ 'ਚ ਸਾਰੀ ਘਟਨਾ ਕੈਦ ਹੋ ਗਈ।
ਪੁਲਸ ਨੇ ਰਿਕਾਰਡਿੰਗ ਕਬਜ਼ੇ 'ਚ ਲੈ ਲਈ ਹੈ। ਇਸੇ ਅਧਾਰ 'ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ 4 ਘਟਨਾ 'ਚ ਚਾਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।