ਪਾਨ ਦੇ ਦੁਕਾਨਦਾਰ ਤੇ ਸਫਾਈ ਕਰਮਚਾਰੀ ਤੋਂ ਫੜੇ ਗਏ 73 ਲੱਖ ਦੇ ਪੁਰਾਣੇ ਨੋਟ

05/05/2019 2:00:52 PM

ਇੰਦੌਰ (ਭਾਸ਼ਾ)— ਨੋਟਬੰਦੀ ਦੇ ਢਾਈ ਸਾਲ ਬਾਅਦ ਪੁਲਸ ਨੇ ਹੈਰਾਨ ਕਰਨ ਦੇਣ ਵਾਲੇ ਮਾਮਲੇ ਵਿਚ 500 ਅਤੇ 1,000 ਰੁਪਏ ਦੇ ਕੁੱਲ 73.15 ਲੱਖ ਰੁਪਏ ਦੇ ਨੋਟਾਂ ਨਾਲ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਧੀਕ ਸੁਪਰਡੈਂਟ ਆਫ ਪੁਲਸ (ਏ. ਐੱਸ. ਪੀ.) ਸ਼ੈਲੇਂਦਰ ਸਿੰਘ ਚੌਹਾਨ ਨੇ ਦੱਸਿਆ ਕਿ ਐੱਮ. ਆਰ-9 ਰੋਡ ਕੋਲ ਵਾਹਨਾਂ ਦੀ ਤਲਾਸ਼ੀ ਦੌਰਾਨ ਸ਼ਨੀਵਾਰ ਦੀ ਰਾਤ ਨੂੰ ਇਕ ਸਕੂਟਰ ਨੂੰ ਰੋਕਿਆ। ਇਸ ਵਾਹਨ 'ਤੇ ਸਵਾਰ ਰਿਸ਼ੀ ਰਾਏ ਸਿੰਘ (23) ਅਤੇ ਸਾਵਨ ਮੇਵਾਤੀ (26) ਕੋਲ ਇਕ ਬੈਗ ਮਿਲਿਆ। ਇਸ ਬੈਗ ਅੰਦਰ 1,000-1,000 ਰੁਪਏ ਦੇ 4,574 ਬੰਦ ਨੋਟ ਅਤੇ 500-500 ਰੁਪਏ ਦੇ 5,482 ਬੰਦ ਨੋਟ ਰੱਖੇ ਸਨ। ਚੌਹਾਨ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ 'ਚ ਸ਼ਾਮਲ ਰਿਸ਼ੀ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲੇ ਦੇ ਸ਼ੁਜਾਲਪੁਰ ਕਸਬੇ ਵਿਚ ਪਾਨ ਦੀ ਦੁਕਾਨ ਚਲਾਉਂਦਾ ਹੈ, ਜਦਕਿ ਸਾਵਨ ਮੇਵਾਤੀ ਇੰਦੌਰ ਨਗਰ ਨਿਗਮ ਦਾ ਸਫਾਈ ਕਰਮਚਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਬੰਦ ਕਰੰਸੀ ਰਿਸ਼ੀ ਵਲੋਂ ਸ਼ੁਜ਼ਾਲਪੁਰ ਤੋਂ ਇੰਦੌਰ ਲਿਆਂਦੀ ਗਈ ਸੀ। ਉਹ ਮੇਵਾਤੀ ਨਾਲ ਇਸ ਨੂੰ 30 ਫੀਸਦੀ ਕਮੀਸ਼ਨ ਦੇ ਆਧਾਰ 'ਤੇ ਲੀਗਲ ਕਰੰਸੀ 'ਚ ਬਦਲਵਾਉਣ ਲਈ ਲੈ ਜਾ ਰਿਹਾ ਸੀ। ਪੁਲਸ ਵਲੋਂ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ, ਜੋ ਇਹ ਕਰੰਸੀ ਅਦਲਾ-ਬਦਲੀ ਕਰਨ ਵਾਲਾ ਸੀ।

ਪੁਲਸ ਮੁਤਾਬਕ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਇੱਥੇ ਬੰਦ ਨੋਟਾਂ ਦੀ ਵੱਡੀ ਖੇਪ ਫੜੀ ਗਈ ਹੋਵੇ। ਪੁਲਸ ਨੇ ਇੱਥੇ ਅਗਸਤ 2018 ਵਿਚ 500 ਅਤੇ 1000 ਦੇ ਲੱਗਭਗ 1 ਕਰੋੜ ਰੁਪਏ ਦੇ ਨੋਟਾਂ ਨਾਲ 3 ਲੋਕਾਂ ਨੂੰ ਫੜਿਆ ਸੀ। ਲਾਅ ਇਨਫੋਰਸਮੈਂਟ ਏਜੰਸੀਆਂ ਹੁਣ ਤਕ ਇਸ ਗੱਲ ਦਾ ਖੁਲਾਸਾ ਨਹੀਂ ਕਰ ਸਕੀਆਂ ਹਨ ਕਿ 500 ਅਤੇ 1,000 ਰੁਪਏ ਦੇ ਬੰਦ ਨੋਟਾਂ ਨੂੰ ਨਵੇਂ ਨੋਟਾਂ 'ਚ ਬਦਲਣ ਦੇ ਗੋਰਖ ਧੰਦੇ ਵਿਚ ਕੌਣ-ਕੌਣ ਲੋਕ ਸ਼ਾਮਲ ਹਨ। ਏ. ਐੱਸ. ਪੀ. ਨੇ ਕਿਹਾ ਕਿ ਉਹ ਜਾਂਚ ਜ਼ਰੀਏ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ 500 ਅਤੇ 1,000 ਰੁਪਏ ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਸੀ।

Tanu

This news is Content Editor Tanu