ਅੱਤਵਾਦੀ ਹਮਲੇ ''ਚ ਸ਼ਹੀਦ ਹੋਏ 5 ਜਵਾਨਾਂ ਨੂੰ ਸ਼ਰਧਾਂਜਲੀ, ਪਰਿਵਾਰਾਂ ''ਚ ਗਮ ਦਾ ਮਾਹੌਲ

06/13/2019 3:32:42 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਬੁੱਧਵਾਰ ਨੂੰ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ 5 ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਸਮੇਂ ਮਾਹੌਲ ਕਾਫੀ ਭਾਵੁਕ ਹੋ ਗਿਆ। ਗਵਰਨਰ ਸੱਤਿਆਪਾਲ ਮਲਿਕ ਦੇ ਸਲਾਹਕਾਰ ਵਿਜੇ ਕੁਮਾਰ, ਫੌਜ, ਪ੍ਰਸ਼ਾਸਨ, ਪੁਲਸ ਅਤੇ ਨੀਮ ਫੌਜੀ ਬਲਾਂ ਦੇ ਸੀਨੀਅਰ ਅਧਿਕਾਰੀਆਂ ਨੇ ਇਨ੍ਹਾਂ ਜਾਂਬਾਜ਼ ਫੌਜੀ ਵੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਥੇ ਦੱਸ ਦੇਈਏ ਕਿ ਇਹ ਹਮਲਾ ਅਨੰਤਨਾਗ 'ਚ ਕੇ. ਪੀ. ਰੋਡ 'ਤੇ ਕੀਤਾ ਗਿਆ ਸੀ। ਇਨ੍ਹਾਂ ਜਵਾਨਾਂ ਦੇ ਮਰਹੂਮ ਸਰੀਰ ਨੂੰ ਜਦੋਂ ਅੰਤਿਮ ਸੰਸਕਾਰ ਲਈ ਜਹਾਜ਼ ਜ਼ਰੀਏ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਭੇਜਿਆ ਗਿਆ ਤਾਂ ਇੱਥੋਂ ਦਾ ਮਾਹੌਲ ਗਮਗੀਨ ਹੋ ਹਿਆ। ਅਧਿਕਾਰੀਆਂ ਅਤੇ ਜਵਾਨਾਂ ਨੇ ਆਪਣੇ ਇਨ੍ਹਾਂ ਜਾਂਬਾਜ਼ ਜਵਾਨਾਂ ਨੂੰ ਆਖਰੀ ਵਾਰ ਸੈਲਿਊਟ ਕੀਤਾ।
ਵਿਜੇ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮਲੇ ਨੂੰ ਸੁਰੱਖਿਆ ਚੂਕ ਦਾ ਨਤੀਜਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਸ ਸਮੇਂ ਉੱਥੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ਅਤੇ ਆਲੇ-ਦੁਆਲੇ ਕਈ ਵਾਹਨ ਵੀ ਚੱਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਅੱਤਵਾਦੀਆਂ ਨੂੰ ਤੁਰੰਤ ਜਵਾਬ ਦਿੱਤਾ ਅਤੇ ਕੁਝ ਹੀ ਮਿੰਟਾਂ 'ਚ ਦੋ ਅੱਤਵਾਦੀ ਨੂੰ ਢੇਰ ਕਰ ਦਿੱਤਾ। ਹਮਲੇ 'ਚ ਸਥਾਨਕ ਪੁਲਸ ਥਾਣੇ ਦੇ ਐੱਸ. ਐੱਚ. ਓ. ਅਤੇ ਇਕ ਕੁੜੀ ਵੀ ਜ਼ਖਮੀ ਹੋਏ ਹਨ। ਹਮਲੇ ਵਿਚ ਸ਼ਹੀਦ ਸੁਰੱਖਿਆ ਕਰਮੀਆਂ ਦੀ ਪਛਾਣ ਸਹਾਇਕ ਸਬ ਇੰਸਪੈਕਟਰ ਨੀਰੂ ਸ਼ਰਮਾ ਅਤੇ ਰਮੇਸ਼ ਕੁਮਾਰ ਤੇ ਕਾਂਸਟੇਬਲ ਸਤਿੰਦਰ ਕੁਮਾਰ, ਐੱਮ. ਕੇ. ਕੁਸ਼ਵਾਹਾ ਅਤੇ ਮਹੇਸ਼ ਕੁਮਾਰ ਦੇ ਤੌਰ 'ਤੇ ਕੀਤੀ ਗਈ ਹੈ।

Tanu

This news is Content Editor Tanu