ਇਸ ਸਾਲ ਹੁਣ ਤੱਕ ਮਾਰੇ ਗਏ 40 ਵਿਦੇਸ਼ੀ ਅੱਤਵਾਦੀ : DGP ਦਿਲਬਾਗ ਸਿੰਘ

10/31/2022 2:14:54 PM

ਸ਼੍ਰੀਨਗਰ (ਅਰੀਜ਼)- ਜੰਮੂ-ਕਸ਼ਮੀਰ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਦਿਲਬਾਗ ਸਿੰਘ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਕਸ਼ਮੀਰ ਵਿਚ 40 ਵਿਦੇਸ਼ੀ ਅੱਤਵਾਦੀਆਂ ਨੂੰ ਮਾਰੇ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਸਥਾਨਕ ਅੱਤਵਾਦੀਆਂ ਦੀ ਭਰਤੀ ਵਿਚ ਵੀ ਕਾਫੀ ਗਿਰਾਵਟ ਨਜ਼ਰ ਆਈ ਹੈ। ਸ਼੍ਰੀਨਗਰ ’ਚ ਜੰਮੂ-ਕਸ਼ਮੀਰ ਪੁਲਸ ਵੱਲੋਂ ਆਯੋਜਿਤ ਕਸ਼ਮੀਰ ਮੈਰਾਥਨ-2022 ਦੇ ਮੌਕੇ ’ਤੇ ਡੀ. ਜੀ. ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਇਸ ਸਾਲ ਸਾਡਾ ਵਿਸ਼ੇਸ਼ ਧਿਆਨ ਘਾਟੀ ’ਚ ਕੰਮ ਕਰ ਰਹੇ ਵੱਖ-ਵੱਖ ਸੰਗਠਨਾਂ ਦੇ ਵਿਦੇਸ਼ੀ ਅੱਤਵਾਦੀਆਂ ਨੂੰ ਖਤਮ ਕਰਨ ’ਤੇ ਸੀ। ਉਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਅੱਤਵਾਦ ਦੀ ਭੱਠੀ ’ਚ ਝੋਕਣ ’ਚ ਅਹਿਮ ਭੂਮਿਕਾ ਨਿਭਾਈ ਸੀ।’’

ਉਨ੍ਹਾਂ ਕਿਹਾ ਕਿ ਕੁਝ ਅੱਤਵਾਦੀ ਅਜੇ ਵੀ ਫਰਾਰ ਹਨ। ਜੋ ਸਰਗਰਮ ਹਨ, ਉਹ ਪੁਲਸ ਅਤੇ ਸੁਰੱਖਿਆ ਬਲਾਂ ਦੇ ਰਾਡਾਰ ’ਤੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਛੇਤੀ ਹੀ ਮਾਰੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਸਾਰੇ ਅੱਤਵਾਦੀ ਸੰਗਠਨ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਬੁਨਿਆਦੀ ਢਾਂਚਾ ਕਾਫੀ ਹੱਦ ਤੱਕ ਤਬਾਹ ਹੋ ਚੁੱਕਾ ਹੈ। ਪੱਥਰਬਾਜ਼ੀ ਅਤੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨਾਂ ’ਚ ਕਮੀ ਬਾਰੇ ਪੁੱਛੇ ਜਾਣ ’ਤੇ ਡੀ. ਜੀ. ਪੀ. ਸਿੰਘ ਨੇ ਕਿਹਾ ਕਿ ਇਸ ਦਾ ਸਿਹਰਾ ਉਨ੍ਹਾਂ ਲੋਕਾਂ ਅਤੇ ਨੌਜਵਾਨਾਂ ਨੂੰ ਜਾਂਦਾ ਹੈ ਜੋ ਹਿੰਸਾ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਨੌਜਵਾਨਾਂ ਨੇ ਵੱਖ-ਵੱਖ ਖੇਤਰਾਂ ’ਚ ਆਪਣਾ ਕੈਰੀਅਰ ਬਣਾਉਣਾ ਪਸੰਦ ਕੀਤਾ।

ਡੀ. ਜੀ. ਪੀ. ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੁਸਪੈਠ ’ਚ ਕਮੀ ਆਈ ਹੈ, ਜਦਕਿ ਕੁਝ ਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਮੌਸਮ ਬਦਲ ਰਿਹਾ ਹੈ, ਇਸ ਲਈ ਕੰਟਰੋਲ ਰੇਖਾ ’ਤੇ ਭਾਰੀ ਬਰਫਬਾਰੀ ਤੋਂ ਪਹਿਲਾਂ ਅੱਤਵਾਦੀਆਂ ਨੂੰ ਇਸ ਪਾਸੇ ਭੇਜਿਆ ਜਾ ਸਕਦਾ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਪੁਲਸ ਮੈਰਾਥਨ 2022 ਦਾ ਆਯੋਜਨ ਕਰ ਰਹੀ ਹੈ, ਜਿਸ ’ਚ ਦਿਵਯਾਂਗ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਹਰ ਉਮਰ ਦੇ ਲੋਕਾਂ ਨੇ ਭਾਗ ਲਿਆ।

DIsha

This news is Content Editor DIsha